ਖੇਡ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਕੀਤਾ ਜਾ ਸਕਦਾ ਹੈ ਦੂਰ: ਸਰਬਜੀਤ ਸਿੰਘ ਬੇਦੀ

Last Updated: Sep 14 2018 18:10

ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਸਰਾਂ ਵਾਲੀ ਦੇ ਸਹਿਯੋਗ ਨਾਲ ਬਾਬਾ ਬੋਧਲਾ ਪੀਰ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਬੜੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ 50 ਤੋਂ ਵੀ ਵੱਧ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਹ ਜਾਣਕਾਰੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸਰਬਜੀਤ ਸਿੰਘ ਬੇਦੀ ਨੇ ਦਿੱਤੀ। ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਨੌਜਵਾਨ ਵਧਾਈ ਦੇ ਪਾਤਰ ਹਨ ਜੋ ਕਿ ਇਹੋ ਜਿਹੇ ਖੇਡ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੁਰ ਰਹਿਣ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ਨਾਲ ਸਾਡਾ ਸਰੀਰ ਅਤੇ ਦਿਮਾਗ਼ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਯਤਨ ਕਰਦੇ ਹਾਂ, ਉੱਥੇ ਸਾਨੂੰ ਆਪਣੇ ਇਲਾਕੇ ਦੇ ਇਤਿਹਾਸਕ ਧਾਰਮਿਕ ਅਤੇ ਹੋਰ ਮਹੱਤਵਪੂਰਨ ਥਾਵਾਂ ਨੂੰ ਟੂਰਿਜ਼ਮ ਪਲੇਸ ਦਾ ਰੂਪ ਦੇਣ ਵਿੱਚ ਵੀ ਸ਼ਲਾਘਾਯੋਗ ਕਦਮ ਪੱਟਣੇ ਚਾਹੀਦੇ ਹਨ। ਉਨ੍ਹਾਂ ਇਸ ਮੌਕੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਏਕਤਾ ਦੀ ਭਾਵਨਾ ਨਾਲ ਮੈਚ ਖੇਡਣ ਲਈ ਪ੍ਰੇਰਤ ਕੀਤਾ।

ਇਸ ਮੌਕੇ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਸਰਬਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਿੰਡ ਫ਼ਿਰੋਜ਼ਸ਼ਾਹ ਦੀ ਟੀਮ ਨੇ, ਦੂਜਾ ਸਥਾਨ ਪਿੰਡ ਪਨੀਹਾਰੀ, ਤੀਜਾ ਸਥਾਨ ਪਿੰਡ ਸਲੇਮਸ਼ਾਹ, ਚੌਥਾ ਸਥਾਨ ਪਿੰਡ ਨੱਥੂ ਵਾਲਾ ਨੇ ਹਾਸਲ ਕੀਤਾ। ਇਹ ਇਨਾਮ ਕ੍ਰਮਵਾਰ 13000, 9100, 2100, 1100 ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ, ਇਸਦੇ ਨਾਲ-ਨਾਲ ਬੇਸਟ ਸ਼ੂਟਰ, ਡਿਫੈਂਡਰ ਅਤੇ ਨੇਟਮੈਨ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਨੇ ਹਾਜ਼ਰ ਮਹਿਮਾਨਾਂ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਪਿਛਲੇ 16 ਸਾਲਾਂ ਤੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਖੇਡ ਦੀ ਭਾਵਨਾ ਨੂੰ ਉਤਸਾਹਿਤ ਕਰਨਾ ਹੈ।