ਪੰਜਾਬ ਵਿੱਚ ਖੁੱਲ੍ਹੇ ਹਜ਼ਾਰਾਂ ਆਈਲੈਟਸ ਸੈਂਟਰਾਂ ਵੱਲੋਂ ਵਿਦਿਆਰਥੀਆਂ ਦੀ ਜੇਬ ਤੇ ਸ਼ਰੇਆਮ ਮਾਰਿਆ ਜਾ ਰਿਹਾ ਡਾਕਾ

Last Updated: Sep 14 2018 17:45

ਪੰਜਾਬ ਵਿੱਚ ਦਿਨੋ-ਦਿਨ ਉਗਰ ਰੂਪ ਧਾਰ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਪੰਜਾਬ ਦੇ ਨੌਜਵਾਨ ਵਰਗ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਮੌਜੂਦਾ ਸਮੇਂ ਪੰਜਾਬ ਵਿੱਚ ਉੱਚ ਸਿੱਖਿਆ ਪ੍ਰਾਪਤ ਲੱਖਾਂ ਹੀ ਨੌਜਵਾਨ ਨੂੰ ਯੋਗਤਾ ਅਨੁਸਾਰ ਢੁਕਵਾਂ ਰੋਜ਼ਗਾਰ ਨਾ ਮਿਲਣ ਕਾਰਨ ਉਹ ਬੇਰੁਜ਼ਗਾਰ ਘੁੰਮ ਰਹੇ ਹਨ। ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਨੌਕਰੀਆਂ ਨਾ ਮਿਲਣ ਦੀ ਵਜ੍ਹਾ ਕਰਕੇ ਅਜੋਕੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ਾਂ ਵਿੱਚ ਸੈਟਲ ਹੋਣ ਲਈ ਅਗਲੇਰੀ ਪੜ੍ਹਾਈ ਵਿਦੇਸ਼ਾਂ ਵਿੱਚ ਜਾ ਕੇ ਕਰਨ ਨੂੰ ਜਰੀਆ ਬਣਾਇਆ ਜਾ ਰਿਹਾ ਹੈ। ਦੋਆਬੇ ਤੋਂ ਬਾਅਦ ਹੁਣ ਮਾਲਵੇ ਅਤੇ ਮਾਝੇ ਦੇ ਲੋਕਾਂ ਦਾ ਵੀ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਵਧਣ ਲੱਗਾ ਹੈ। 

ਮੌਜੂਦਾ ਸਮੇਂ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਅਤੇ ਇੱਕ ਦੂਜੇ ਵੱਲ ਵੇਖੋ-ਵੇਖੀ ਪੰਜਾਬ ਦੇ ਬਹੁਤੇ ਨੌਜਵਾਨ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਆਈਲੈਟਸ ਦਾ ਟੈੱਸਟ ਪਾਸ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਂ ਤੇ ਵਿਦੇਸ਼ਾਂ ਵਿੱਚ ਸੈਟਲ ਹੋਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲੱਗੀ ਦੌੜ, ਸੂਬੇ ਵਿਚਲੇ ਹਜ਼ਾਰਾਂ ਟਰੈਵਲ ਏਜੰਟਾਂ ਅਤੇ ਧੜਾਧੜ ਖੁੱਲ ਰਹੇ ਆਈਲੈਟਸ ਸੈਂਟਰਾਂ ਨੂੰ ਬਹੁਤ ਰਾਸ ਆ ਰਹੀ ਹੈ। ਜਿੱਥੇ ਸੂਬੇ ਵਿਚਲੇ ਅਨੇਕਾਂ ਫ਼ਰਜ਼ੀ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਪੰਜਾਬ ਦੇ ਲੱਖਾਂ ਲੋਕਾਂ ਦੀ ਬੇਤਹਾਸ਼ਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ, ਉੱਥੇ ਸੂਬੇ ਦੇ ਲਗਭਗ ਸਾਰੇ ਹੀ ਨਿੱਕੇ-ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਬਿਨਾਂ ਕਿਸੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਚੱਲ ਰਹੇ ਹਜ਼ਾਰਾਂ ਕੋਚਿੰਗ ਸੈਂਟਰਾਂ ਵੱਲੋਂ ਆਈਲੈਟਸ ਦੀ ਤਿਆਰੀ ਦੇ ਨਾਂ ਤੇ ਪੰਜਾਬ ਦੇ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗੇ ਜਾ ਰਹੇ ਹਨ।

ਇਹਨਾਂ ਕੋਚਿੰਗ ਸੈਂਟਰਾਂ ਦੇ ਮਾਲਕਾਂ ਵੱਲੋਂ ਕੋਚਿੰਗ ਲਈ ਰੱਖੇ ਜਾਂਦੇ ਸਟਾਫ਼ ਦੀ ਯੋਗਤਾ ਦਾ ਵੀ ਕੋਈ ਪੱਕਾ ਮਾਪਦੰਡ ਨਿਰਧਾਰਿਤ ਨਹੀਂ ਕੀਤਾ ਗਿਆ ਹੁੰਦਾ ਅਤੇ ਇਹਨਾਂ ਸੈਂਟਰਾਂ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਿਯਮ ਨਿਰਧਾਰਿਤ ਨਾ ਕੀਤੇ ਗਏ ਹੋਣ ਕਾਰਨ ਇਹਨਾਂ ਕੋਚਿੰਗ ਦੇ ਸੰਚਾਲਕ ਆਈਲੈਟਸ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਤੋਂ ਫ਼ੀਸ ਦੇ ਰੂਪ ਵਿੱਚ ਮੋਟੀਆਂ ਰਕਮਾਂ ਬਟੋਰ ਰਹੇ ਹਨ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਟਰੈਵਲ ਏਜੰਟਾਂ ਤੋਂ ਬਾਅਦ `ਆਈਲੈਟਸ ਸੈਂਟਰਾਂ` ਵੱਲੋਂ ਕੋਚਿੰਗ ਦੇ ਨਾਂ ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਕੀਤੀ ਜਾ ਰਹੀ ਦੋਹਰੀ ਲੁੱਟ ਨੂੰ ਰੋਕਣ ਲਈ ਕੋਈ ਠੋਸ ਅਮਲ ਵਿੱਚ ਲਿਆਂਦੀ ਜਾਵੇ ਅਤੇ ਮੌਜੂਦਾ ਸਮੇਂ ਸੂਬੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਚੱਲ ਰਹੇ ਇਹਨਾਂ `ਆਈਲੈਟਸ ਸੈਂਟਰਾਂ` ਦਾ `ਗੋਰਖ ਧੰਦਾ` ਬੰਦ ਕੀਤਾ ਜਾਵੇ, ਜਾਂ ਫਿਰ ਇਹਨਾਂ ਸੈਂਟਰਾਂ ਦੀ ਮਨਮਰਜ਼ੀ ਤੇ ਲਗਾਮ ਲਗਾਉਣ ਲਈ ਸਰਕਾਰ ਵੱਲੋਂ ਸਖ਼ਤ ਨਿਯਮ ਨਿਰਧਾਰਿਤ ਕੀਤੇ ਜਾਣ। ਇਸ ਤੋਂ ਵੀ ਵਧੀਆ ਗੱਲ ਇਹ ਹੋਵੇਗੀ ਕਿ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਸਰਕਾਰੀ ਸੰਸਥਾਵਾਂ ਵਿੱਚ ਕੋਚਿੰਗ ਦੀ ਵਿਵਸਥਾ ਕੀਤੀ ਜਾਵੇ। ਇਹਨਾਂ ਸਰਕਾਰੀ ਸੰਸਥਾਵਾਂ ਵਿੱਚ ਨਿਰੰਤਰ ਚੱਲਣ ਵਾਲੇ ਸ਼ਾਰਟ ਕੋਰਸਾਂ ਦੀ ਵਿਵਸਥਾ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਆਈਲੈਟਸ ਦੀ ਸਸਤੀ ਕੋਚਿੰਗ ਦਿੱਤੀ ਜਾਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿੱਥੇ ਪੰਜਾਬ ਦੇ ਨੌਜਵਾਨਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਸਰਕਾਰੀ ਸੰਸਥਾਵਾਂ ਰਾਹੀਂ ਸਰਕਾਰ ਦੇ ਖ਼ਜ਼ਾਨੇ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ।   

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।