ਲਾਹੇਵੰਦ ਨਹੀਂ ਰਿਹਾ ਪਸ਼ੂ ਪਾਲਨ ਧੰਦਾ, ਹੋਣ ਲੱਗੀ ਮਿਲਾਵਟ ਖੋਰੀ : ਆਹਲੂਵਾਲੀਆ

Last Updated: Sep 14 2018 17:42

ਪਸ਼ੂ ਭਲਾਈ ਬੋਰਡ ਦੇ ਕੇਂਦਰੀ ਮੈਂਬਰ ਮੋਹਨ ਸਿੰਘ ਆਹਲੂਵਾਲੀਆ ਨੇ ਦੁੱਧ ਦੇ ਸਹਾਇਕ ਧੰਦੇ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਨਾਲ ਜੁੜੇ ਉਤਪਾਦਕਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਮਿਲਾਵਟ ਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਦੇਸ਼ ਵਿੱਚ ਮਿਲਾਵਟ ਖੋਰੀ ਦੂਰ ਅਤੇ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਦੇਸ਼ ਦੇ ਆਜ਼ਾਦੀ ਦਿਹਾੜੇ ਅਤੇ ਗਣਤੰਤਰਤਾ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਦੁੱਧ ਉਤਪਾਦਕਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇ। 

ਇਸ ਮੌਕੇ ਕੇਂਦਰੀ ਮੈਂਬਰ ਆਹਲੂਵਾਲੀਆ ਨੂੰ ਸੂਬਾ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਸਬੰਧੀ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਨਿਰੋਈ ਸਿਹਤ ਲਈ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਪਰਖ ਕਰਨ ਵਾਸਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜਿੱਥੇ ਉਪਮੰਡਲ ਪੱਧਰ 'ਤੇ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵੱਤਾ ਦੀ ਪਰਖ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਆਉਣ ਵਾਲੇ ਦਿਨਾਂ ਵਿੱਚ ਮਿਲਾਵਟ ਖੋਰੀ ਨੂੰ ਜੜੋ ਖ਼ਤਮ ਕਰਨ ਲਈ ਪਿੰਡ ਪੱਧਰ ਤੱਕ ਜਾਗਰੂਕ ਕੀਤਾ ਜਾਵੇਗਾ।

ਕੇਂਦਰੀ ਮੈਂਬਰ ਆਹਲੂਵਾਲੀਆ ਨੇ ਕਿਹਾ ਕਿ ਫ਼ਾਜ਼ਿਲਕਾ ਮੁਲਕ ਦਾ ਪਹਿਲਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵੱਤਾ ਦੀ ਪਰਖ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਦੁੱਧ ਉਤਪਾਦਕਾਂ ਦੀ ਹੌਸਲਾ ਅਫਜਾਈ ਅਤੇ ਮਿਲਾਵਟ ਖੋਰੀ ਨੂੰ ਖ਼ਤਮ ਕਰਨ ਲਈ ਹੁਣ ਤੱਕ ਮੁਲਕ ਦੇ 15 ਜ਼ਿਲਿਆਂ ਦਾ ਦੌਰਾ ਕਰ ਚੁੱਕੇ ਹਨ ਪਰ ਜੋ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਗੁਣਵੱਤਾ ਦੀ ਪਰਖ ਕਰਨ ਤੇ ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਹ ਹੋਰ ਕਿਸੇ ਜ਼ਿਲ੍ਹੇ ਵਿੱਚ ਵੇਖਣ ਲਈ ਨਹੀਂ ਮਿਲੇ। ਬੈਠਕ ਨੂੰ ਸੰਬੋਧਨ ਕਰਦਿਆਂ ਸ. ਆਹਲੂਵਾਲੀਆ ਨੇ ਕਿਹਾ ਕਿ ਹਰ ਮਨੁੱਖ ਨੂੰ ਪਸ਼ੂਆਂ ਅਤੇ ਇਸ ਦੇ ਪਾਲਕਾਂ ਪ੍ਰਤੀ ਆਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪਸ਼ੂ-ਪਾਲਣ ਦਾ ਧੰਦਾ ਭਾਵੇਂ ਬਹੁਤਾ ਲਾਹੇਵੰਦ ਨਹੀਂ ਗਿਣਿਆ ਜਾ ਰਿਹਾ ਅਤੇ ਇਸ ਦਾ ਕਾਰਨ ਵੀ ਮਿਲਾਵਟ ਖੋਰੀ ਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ 25 ਸਾਲ ਪਹਿਲਾਂ ਤਿੰਨ ਘਰਾਂ ਪਿੱਛੇ ਇੱਕ ਘਰ ਵਿੱਚ ਪਾਲਤੂ ਪਸ਼ੂ ਜ਼ਰੂਰ ਮਿਲ ਜਾਂਦਾ ਸੀ ਉੱਥੇ ਹੁਣ ਇਹ ਬਦਕਿਸਮਤੀ ਹੈ ਕਿ ਪੰਜਾਹ ਘਰਾਂ ਪਿੱਛੇ ਵੀ ਕੋਈ ਪਸ਼ੂ ਨਹੀਂ ਮਿਲਦਾ । 

ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਦੁੱਧ ਉਤਪਾਦਕਾਂ ਨੂੰ ਜੋੜਨ ਦੇ ਉਪਰਾਲੇ ਕਰਨ ਦੀ ਅਪੀਲ ਕਰਦਿਆਂ ਆਹਲੂਵਾਲੀਆ ਨੇ ਕਿਹਾ ਕਿ ਜੋ ਲੋਕ ਪਸ਼ੂ ਪਾਲਕ ਦੇ ਧੰਦੇ ਨਾਲ ਜੁੜੇ ਹੋਏ ਹਨ ਜਾਂ ਜੁੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਮਾਨ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਦੁੱਧ ਉਤਪਾਦਕ ਬਿਨਾ ਮਿਲਾਵਟ ਖੋਰੀ ਤੋ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਨੂੰ 26 ਜਨਵਰੀ ਅਤੇ 15 ਅਗਸਤ ਨੂੰ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਦੌਰਾਨ ਸਨਮਾਨਿਤ ਕਰਨਾ ਵੀ ਯਕੀਨੀ ਬਣਾਇਆ ਜਾਵੇ। ਇਸ ਨਾਲ ਜਿੱਥੇ ਦੁੱਧ ਉਤਪਾਦਕਾਂ ਵਿੱਚ ਖ਼ੁਸ਼ੀ ਦੀ ਲਹਿਰ ਪੈਦਾ ਹੋਵੇਗੀ ਉੱਥੇ ਮਿਲਾਵਟ ਖੋਰੀ ਨੂੰ ਵੀ ਨੱਥ ਪਾਈ ਜਾ ਸਕੇਗੀ। ਮੀਟਿੰਗ ਦੌਰਾਨ ਕੇਂਦਰੀ ਮੈਂਬਰ ਆਹਲੂਵਾਲੀਆ ਨੇ ਕਿਹਾ ਕਿ ਮਿਲਾਵਟ ਖੋਰੀ ਕਾਰਨ ਹੀ ਦੁੱਧ ਉਤਪਾਦਕਾਂ ਦੀ ਕਦਰ ਘਟੀ ਹੈ ਤੇ ਉਨ੍ਹਾਂ ਦੀ ਕਦਰ ਵਿੱਚ ਵਾਧਾ ਕਰਨ ਲਈ ਮਿਲਾਵਟ ਖੋਰੀ ਨੂੰ ਖ਼ਤਮ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਰੋਜ਼ਾਨਾ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕਰਨਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਇਸੇ ਅਣਗਹਿਲੀ ਕਾਰਨ ਹੀ ਅਸੀਂ ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਪੈਦਾ ਕਰ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਤੇ ਬਿਹਤਰ ਭਵਿੱਖ ਦੀ ਪ੍ਰਾਪਤੀ ਦੁੱਧ ਉਤਪਾਦਕਾਂ ਦੇ ਹੌਸਲੇ ਵਧਾ ਕੇ ਅਤੇ ਮਿਲਾਵਟ ਖੋਰੀ ਨੂੰ ਖ਼ਤਮ ਕਰਕੇ ਹੀ ਹਾਸਲ ਕੀਤੀ ਜਾ ਸਕਦੀ ਹੈ।