ਮੋਦੀ ਸਰਕਾਰ ਆਖ਼ਿਰ ਕਦੋਂ ਲਿਆਏਗੀ ਡੀਜ਼ਲ ਤੇ ਪੈਟਰੋਲ ਨੂੰ ਜੀ.ਐੱਸ.ਟੀ. ਦੇ ਘੇਰੇ 'ਚ.! (ਨਿਊਜ਼ਨੰਬਰ ਖ਼ਾਸ ਖ਼ਬਰ) (ਭਾਗ-1)

Last Updated: Sep 14 2018 13:37
Reading time: 2 mins, 54 secs

ਭਾਰਤ ਦਾ ਅੱਜ ਕੋਈ ਵੀ ਇਨਸਾਨ ਇਹ ਨਹੀਂ ਕਹਿ ਰਿਹਾ ਹੈ ਕਿ ਮੋਦੀ ਸਰਕਾਰ ਲੋਕ ਹਿਤ ਫ਼ੈਸਲੇ ਲੈ ਰਹੀ ਹੈ। ਹਰ ਕੋਈ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਨੂੰ ਮਜਬੂਰ ਹੋਇਆ ਪਿਆ ਹੈ। ਮੁਲਾਜ਼ਮ ਹੋਣ ਜਾਂ ਫਿਰ ਮਜ਼ਦੂਰ, ਕਿਸਾਨ ਹੋਵੇ ਜਾਂ ਫਿਰ ਵਿਦਿਆਰਥੀ ਹਰ ਵਰਗ ਅੱਜ ਸੜਕਾਂ 'ਤੇ ਉੱਤਰਿਆ ਹੋਇਆ ਹੈ। ਸਮੇਂ ਸਮੇਂ 'ਤੇ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਜਾਰੀ ਕੀਤੀਆਂ ਜਾਂਦੀਆਂ ਨਵੀਆਂ ਨਵੀਆਂ ਨੀਤੀਆਂ ਦੇ ਕਾਰਨ ਲੋਕਾਂ ਦਾ ਮੋਹ ਹੁਣ ਇਸ ਸਰਕਾਰ ਤੋਂ ਭੰਗ ਹੁੰਦਾ ਜਾ ਰਿਹਾ ਹੈ। 

ਵੇਖਿਆ ਜਾਵੇ ਤਾਂ ਅੱਜ ਅੰਦਰਖਾਤੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ। ਦੱਸ ਦਈਏ ਕਿ ਜਦੋਂ 2014 ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਤਾਂ ਭਾਰਤ ਦੇ ਲੋਕਾਂ ਨੂੰ ਮੋਦੀ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਕਿ ਭਾਰਤ ਦਾ ਕੁਝ ਸੁਧਾਰ ਹੋਵੇਗਾ, ਪਰ ਜਿਸ ਹਿਸਾਬ ਨਾਲ ਮਹਿੰਗਾਈ ਵਧੀ, ਪੈਟਰੋਲ, ਡੀਜ਼ਲ ਦੇ ਰੇਟ ਤੋਂ ਇਲਾਵਾ ਨੋਟ ਬੰਦੀ ਅਤੇ ਜੀਐਸਟੀ ਲਾਗੂ ਹੋਈ, ਉਸ ਤੋਂ ਲੱਗਦਾ ਹੈ ਕਿ ਕੁਝ ਸੁਧਾਰ ਨਹੀਂ ਸਗੋਂ ਸਭ ਕੁਝ ਵਿਗਾੜ ਹੀ ਹੋਇਆ ਹੈ। ਅੱਜ ਹਰ ਸਿਆਸੀ ਪਾਰਟੀ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਨਜ਼ਰੀ ਆ ਰਹੀ ਹੈ। 

ਭਾਰਤ ਵਿੱਚ ਪਿਛਲੇ ਸਾਲ ਤੋਂ ਵੱਧ ਰਹੇ ਤੇਲ ਦੇ ਰੇਟਾਂ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਭਾਜਪਾ ਦੇ ਉੱਚ ਆਗੂ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਜਤਾ ਰਹੇ ਹਨ। ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਜੋ ਡੀਜ਼ਲ-ਪੈਟਰੋਲ ਦੇ ਰੇਟ ਵਧੇ ਹਨ ਨੇ ਆਮ ਲੋਕਾਂ ਤੋਂ ਇਲਾਵਾ ਕਿਸਾਨਾਂ ਭਰਾਵਾਂ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਲੋਕ ਪਿਛਲੇ ਕਰੀਬ ਸਵਾ ਸਾਲ ਤੋਂ ਮੰਗ ਕਰ ਰਹੇ ਹਨ ਕਿ ਡੀਜ਼ਲ ਅਤੇ ਪੈਟਰੋਲ ਨੂੰ ਜੀ.ਐੱਸ.ਟੀ. ਦੇ ਘੇਰੇ ਵਿੱਚ ਲਿਆਂਦਾ ਜਾਵੇ, ਪਰ ਮੋਦੀ ਸਾਹਿਬ ਕਿਸੇ ਦੀ ਵੀ ਸੁਣ ਨਹੀਂ ਰਹੇ। 

ਦਿਨ ਪ੍ਰਤੀ ਦਿਨ ਵੱਧ ਰਹੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਬੀਤੇ ਦਿਨ ਕਾਂਗਰਸ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਲੱਖਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ, ਪਰ ਇਸ ਪ੍ਰਦਰਸ਼ਨ ਦਾ ਕੋਈ ਵੀ ਅਸਰ ਸਰਕਾਰ 'ਤੇ ਨਹੀਂ ਪਿਆ। ਦੋਸਤੋ, ਜੇਕਰ ਆਪਾ ਆਮ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਸ ਨੇ ਹਮੇਸ਼ਾ ਹੀ ਗ਼ਰੀਬ ਤਬਕੇ ਨੂੰ ਕੁਚਲਨ ਦਾ ਕੰਮ ਕੀਤਾ ਹੈ। ਭਾਵੇਂ ਕਾਂਗਰਸ ਹੋਵੇ ਜਾਂ ਫਿਰ ਭਾਜਪਾ ਹਰ ਸਰਕਾਰ ਵੱਖ-ਵੱਖ ਵਸਤੂਆਂ ਦੇ ਭਾਅ ਵਿੱਚ ਵਾਧਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। 

'ਨਿਊਜ਼ਨੰਬਰ' ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਨੂੰ ਲੈ ਕੇ ਆਮ ਲੋਕਾਂ ਤੋਂ ਇਲਾਵਾ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੇ ਦੌਰਾਨ ਜੋ ਕੁਝ ਸਾਹਮਣੇ ਆਇਆ, ਉਸ ਤੋਂ ਤਾਂ ਇੰਝ ਹੀ ਲੱਗ ਰਿਹਾ ਸੀ ਕਿ ਜਿਵੇਂ ਭਾਰਤ ਦਾ ਹਰ ਵਰਗ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ। ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ, ਹਰਮੀਤ ਸਿੰਘ, ਰਾਹੁਲ ਬੇਦੀ ਅਤੇ ਰਮਨ ਸ਼ਰਮਾ ਨੇ ਦੱਸਿਆ ਕਿ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਵੇਲੇ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ ਅਤੇ ਮਹਿੰਗਾਈ 'ਤੇ ਲਗਾਮ ਲਗਾਈ ਜਾਵੇਗੀ, ਪਰ..!! ਹੋਇਆ ਸਭ ਕੁਝ ਉਲਟ।

ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇੱਕ ਦੋ ਲੋਕ ਹਿਤ ਫ਼ੈਸਲੇ ਸੁਣਾਏ, ਜਿਨ੍ਹਾਂ ਦਾ ਬਹੁਤੇ ਲੋਕਾਂ ਨੂੰ ਤਾਂ ਲਾਭ ਪੁੱਜਿਆ ਹੀ ਨਹੀਂ। ਜਦੋਂਕਿ 2016 ਵਿੱਚ ਕੀਤੀ ਨੋਟ ਬੰਦੀ ਨੇ ਸਾਰਾ ਧੰਦਾ ਚੌਪਟ ਕਰਕੇ ਰੱਖ ਦਿੱਤਾ। ਨੋਟਬੰਦੀ ਨੇ ਭਾਰਤ ਦੇ ਹਰ ਵਰਗ ਵਿੱਚ ਇਨ੍ਹਾਂ ਕੁ ਜ਼ਿਆਦਾ ਮੋਦੀ ਸਰਕਾਰ ਦੇ ਖ਼ਿਲਾਫ਼ ਗ਼ੁੱਸਾ ਭਰ ਦਿੱਤਾ ਕਿ ਕੋਈ ਕਹਿਣ ਦੀ ਹੱਦ ਨਹੀਂ। ਨੋਟ ਬੰਦੀ ਹੋਈ ਨੂੰ ਭਾਵੇਂ ਹੀ ਦੋ ਸਾਲ ਪੂਰੇ ਹੋਣ ਵਾਲੇ ਹਨ, ਪਰ.!! ਇਨ੍ਹਾਂ ਦੋ ਸਾਲਾਂ ਦੇ ਦੌਰਾਨ ਵੀ ਸਾਰੇ ਏਟੀਐਮਜ਼ ਵਿੱਚ ਹਾਲੇ ਤੱਕ ਪੂਰਾ ਪੈਸਾ ਨਹੀਂ ਆਇਆ, ਜਿਸ ਕਾਰਨ ਲੋਕ ਦੁਖੀ ਹੋਏ ਪਏ ਹਨ। (ਬਾਕੀ ਕੱਲ੍ਹ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।