ਬਾਦਸ਼ਾਹ ਦਰਵੇਸ਼ ਕਹਾਉਣ ਦੇ ਬਾਅਦ ਵੀ ਕਿਉਂ ਖ਼ਾਮੋਸ਼ ਹਨ ਸਾਬਕਾ ਮੁੱਖ ਮੰਤਰੀ?

Last Updated: Sep 14 2018 12:44
Reading time: 2 mins, 10 secs

ਬਲਵਿੰਦਰ ਸਿੰਘ ਭੂੰਦੜ ਵੱਲੋਂ ਸਾਬਕਾ ਮੁੱਖ ਮੰਤਰੀ ਦੀ ਤੁਲਨਾ "ਬਾਦਸ਼ਾਹ ਦਰਵੇਸ਼" ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕਰਨ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਂ ਠੇਸ ਪਹੁੰਚੀ ਹੀ ਹੈ, ਉਨ੍ਹਾਂ ਦੇ ਇਹਨਾਂ ਬੋਲਾਂ ਦੇ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵੀ ਵਲੂੰਧਰੇ ਗਏ। ਇਹ ਗੱਲ ਤਾਂ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਉਸ ਵੇਲੇ ਸੱਚ-ਮੁੱਚ ਹੀ ਭੂੰਦੜ ਦੀ ਜੁਬਾਨ ਫ਼ਿਸਲ ਗਈ ਹੋਵੇਗੀ ਜਾਂ ਫ਼ਿਰ ਉਨ੍ਹਾਂ ਨੇ ਆਪਣੇ ਪੂਰੇ ਹੋਸ਼-ਹਵਾਸ ਵਿੱਚ ਸਾਬਕਾ ਮੁੱਖ ਮੰਤਰੀ ਦੀ ਇਹਨਾਂ ਸ਼ਬਦਾਂ ਨਾਲ ਖ਼ੁਸਾਮਦ ਕੀਤੀ ਸੀ, ਲੇਕਿਨ ਇੱਕ ਗੱਲ ਤਾਂ ਜ਼ਰੂਰ ਮੰਨਣ ਵਾਲੀ ਹੈ ਕਿ, ਉਨ੍ਹਾਂ ਨੂੰ ਸਿੱਖ ਸਮਾਜ ਨੇ ਲਾਹਨਤਾਂ ਬੜੀਆਂ ਪਾਈਆਂ ਸਨ। 

ਦੇਸ਼ ਦੁਨੀਆ ਵਿੱਚ ਬੈਠੀ ਸਿੱਖ ਸੰਗਤਾਂ ਨੇ ਤਾਂ ਇਸ ਮਾਮਲੇ ਤੇ ਭੂੰਦੜ ਦੀ ਜਿਹੜੀ ਲਾਹ-ਪਾਹ ਕਰਨੀ ਸੀ, ਉਹ ਤਾਂ ਕੀਤੀ ਹੀ, ਉਨ੍ਹਾਂ ਨੂੰ ਜਿਊਂਦੀ ਜ਼ਮੀਰ ਵਾਲੇ ਕੁਝ ਅਕਾਲੀ ਆਗੂਆਂ ਨੇ ਵੀ ਬਹੇ ਕੜਾਹ ਵਾਂਗ ਲਿਆ। ਮਾਮਲਾ ਇੰਨਾ ਕੁ ਗਰਮਾ ਗਿਆ ਕਿ, ਉਨ੍ਹਾਂ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਦਰਜ ਕਰਵਾਉਣ ਲਈ ਵੀ ਵੱਖ-ਵੱਖ ਥਾਣਿਆਂ ਵਿੱਚ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ। ਖ਼ੁਦ ਅਕਾਲੀ ਦਲ ਵਰਕਿੰਗ ਕਮੇਟੀ ਦੇ ਹੀ ਮੈਂਬਰ ਰਹੇ ਗੁਰਸੇਵਕ ਸਿੰਘ ਹਰਪਾਲਪੁਰ ਨੇ ਵੀ ਮੁਹਾਲੀ ਥਾਣੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਲਈ ਸ਼ਿਕਾਇਤ ਕੀਤੀ ਸੀ। ਪੱਟੀ ਪੁਲਿਸ ਕੋਲ ਵੀ ਸ਼ਿਕਾਇਤ ਪੁੱਜੀ, ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਸੋਫ਼ਤ ਨੇ ਵੀ ਭੂੰਦੜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤੇ ਜਾਣ ਦੀ ਮੰਗ ਕੀਤੀ। 

ਇਸਤੋਂ ਪਹਿਲਾਂ ਕਿ, ਮਾਮਲਾ ਹੋਰ ਵਿਗੜਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਭੂੰਦੜ ਨੂੰ ਫ਼ੋਨ ਤੇ ਹੀ ਤਲਬ ਕਰ ਲਿਆ। ਭੂੰਦੜ ਨੇ ਫ਼ੋਨ ਤੇ ਤਲਬੀ ਨੂੰ ਤਾਮੀਲ ਕਰ ਲਿਆ ਅਤੇ ਉਹ ਇੱਕ ਨਿਮਾਣੇ ਸਿੱਖ ਵਾਂਗ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਪੇਸ਼ ਹੋਏ, ਜਿੱਥੇ ਪੰਜਾਂ ਪਿਆਰਿਆਂ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਦਿਨਾਂ ਦੀ ਧਾਰਮਿਕ ਸਜਾ ਲਗਾਈ। 

ਅਗਰ ਹੁਣ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਦੀ, ਤਾਂ ਉਹ ਸਾਰੇ ਮਾਮਲੇ ਤੇ ਹਾਲੇ ਵੀ ਚੁੱਪ ਹਨ। ਆਪਣੀ ਇਸੇ ਚੁੱਪੀ ਕਾਰਨ ਉਹ ਅੱਜ ਅਲੋਚਕਾਂ, ਜਾਗਦੀ ਜ਼ਮੀਰ ਵਾਲੇ ਸਿੱਖ ਆਗੂਆਂ ਅਤੇ ਬੁੱਧੀਜੀਵੀਆਂ ਦੇ ਨਿਸ਼ਾਨੇ ਤੇ ਹਨ। ਅੱਜ ਇਹ ਲੋਕ ਧਤੂਰੇ ਵਰਗੇ ਕੌੜੇ ਸਵਾਲ ਕਰ ਰਹੇ ਹਨ ਕਿ, ਮੰਨ ਲਓ ਕਿ, ਭੂੰਦੜ ਦੀ ਜੁਬਾਨ ਫ਼ਿਸਲ ਗਈ ਸੀ, ਲੇਕਿਨ ਤੁਹਾਡੀ ਜੁਬਾਨ ਨੂੰ ਕੀ ਹੋ ਗਿਆ ਸੀ, ਉਹ ਕਿਉਂ ਨਹੀਂ ਖ਼ੁੱਲੀ ਅੱਜ ਤੱਕ ਵੀ?

ਬੁੱਧੀਜੀਵੀ ਕਹਿੰਦੇ ਹਨ ਕਿ, ਤੁਸੀਂ ਵੀ ਭਲੀ ਭਾਂਤੀ ਜਾਣੂ ਹੋ ਕਿ, ਇਸ ਨਾਸ਼ਵਾਨ ਸੰਸਾਰ ਦਾ ਕੋਈ ਵੀ ਬੰਦਾ ਬਾਦਸ਼ਾਹ ਦਰਵੇਸ਼ ਦੀ ਜੁੱਤੀ ਦੀ ਧੂੜ ਦੇ ਵੀ ਬਰਾਬਰ ਵੀ ਨਹੀਂ ਹੋ ਸਕਦਾ, ਤਾਂ ਫ਼ਿਰ ਉਨ੍ਹਾਂ ਦੇ ਸਾਹਮਣੇ ਕੀ ਵਸਤੂ ਹੋ? ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਤੁਸੀਂ ਭੂੰਦੜ ਤੋਂ ਬਾਦਸ਼ਾਹ ਦਰਵੇਸ਼ ਕਹਾ ਕੇ ਚੁੱਪ ਕਰਕੇ ਕਿਉਂ ਬੈਠ ਗਏ? ਸਿਆਸੀ ਚੂੰਢੀਮਾਰ ਸਵਾਲ ਕਰਦੇ ਹਨ ਕਿ, ਕਿਤੇ ਸੱਚਮੁੱਚ ਹੀ ਤਾਂ ਨਹੀਂ ਤੁਸੀਂ ਇਹ ਭਰਮ ਪਾਲੀ ਬੈਠੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।