ਧਾਰਮਿਕ ਸਥਾਨਾਂ 'ਤੇ 24 ਘੰਟੇ ਠੀਕਰੀ ਪਹਿਰਾ ਲਗਾਉਣ ਦੇ ਹੁਕਮ

Last Updated: Jan 29 2017 17:13

ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਚਾਈਨੀਜ਼ ਡੋਰ ਵੇਚਣ, ਖ਼ਰੀਦਣ ਅਤੇ ਸਟੋਰ ਕਰਨ ਅਤੇ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਜੂਦ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ 24 ਘੰਟੇ ਠੀਕਰੀ ਪਹਿਰਾ ਲਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਪਾਬੰਦੀ ਦੇ ਪਹਿਲੇ ਹੁਕਮਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਦੰਡ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਜ਼ਿਲ੍ਹੇ ਦੀ ਹਦੂਦ ਅੰਦਰ ਸਿੰਥੈਟਿਕ, ਪਲਾਸਟਿਕ (ਚਾਈਨੀਜ਼) ਡੋਰ ਸਟੋਰ ਕਰਨ, ਵੇਚਣ ਅਤੇ ਖ਼ਰੀਦਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਸਿੰਥੈਟਿਕ, ਪਲਾਸਟਿਕ ਦੀ ਬਣੀ ਹੋਈ ਚਾਈਨਜ਼ ਡੋਰ ਬਹੁਤ ਹੀ ਮਜ਼ਬੂਤ, ਨਾ ਗਲਣਯੋਗ ਅਤੇ ਨਾ ਟੁੱਟਣਯੋਗ ਹੁੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਕਈ ਵਾਰ ਰਸਤੇ ਵਿੱਚ ਸਾਈਕਲ ਅਤੇ ਸਕੂਟਰ ਚਾਲਕਾਂ ਦਾ ਗੱਲਾ ਅਤੇ ਕੰਨ ਕੱਟੇ ਜਾਣ ਅਤੇ ਉੱਡਦੇ ਪੰਛੀਆਂ ਦੇ ਫਸ ਜਾਣ ਕਾਰਨ, ਉਨ੍ਹਾਂ ਦੇ ਮਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਰੁੱਖਾਂ 'ਤੇ ਟੰਗੇ ਰਹਿ ਜਾਣ ਵਾਲੇ ਪੰਛੀਆਂ ਦੀ ਬਦਬੂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਇਸ ਡੋਰ ਨਾਲ ਮਨੁੱਖੀ ਜਾਨ ਨੂੰ ਵੀ ਖ਼ਤਰਾ ਹੈ। ਪਿਛਲੇ ਸਮੇਂ ਵਿੱਚ ਇਸ ਪਲਾਸਟਿਕ ਦੀ ਡੋਰ ਨਾਲ ਕਈ ਜਾਨਲੇਵਾ ਘਟਨਾਵਾਂ ਵਾਪਰੀਆਂ ਹਨ, ਇਸ ਲਈ ਲੋਕ ਹਿੱਤ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਿੰਥੈਟਿਕ, ਪਲਾਸਟਿਕ ਦੀ ਚਾਈਨੀਜ਼ ਡੋਰ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇ। ਜ਼ਿਲ੍ਹੇ ਵਿੱਚ ਇਹ ਹੁਕਮ 4 ਅਪ੍ਰੈਲ, 2017 ਤੱਕ ਲਾਗੂ ਰਹਿਣਗੇ।

ਇਸੇ ਤਰਾਂ ਦੂਜੇ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਫ਼ੌਜਦਾਰੀ ਦੰਡ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਹਦੂਦ ਅੰਦਰ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਭਾਵੇਂ ਜ਼ਿਲ੍ਹੇ ਵਿੱਚ ਕੋਈ ਵੀ ਹੁੱਕਾ ਬਾਰ ਨਹੀਂ ਹੈ ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦੀ ਹੈ ਕਿ ਹੁੱਕਾ ਬਾਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਣ ਕਿਉਂਕਿ ਅਜਿਹੇ ਹੁੱਕਾ ਬਾਰਾਂ ਵਿੱਚ ਆਮ ਤੌਰ 'ਤੇ ਵੱਖ-ਵੱਖ ਫਲੇਵਰਾਂ ਦੇ ਨਾਲ ਨਿਕੋਟੀਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਸ ਲਈ ਲੋਕ ਹਿੱਤ ਵਿੱਚ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਵਾਉਣਾ ਜ਼ਰੂਰੀ ਹੈ। ਜ਼ਿਲ੍ਹੇ ਵਿੱਚ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਸਿਵਲ ਸਰਜਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਹੁਕਮ 1 ਅਪ੍ਰੈਲ, 2017 ਤੱਕ ਲਾਗੂ ਰਹਿਣਗੇ।

ਤੀਜੇ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਵਿਲੇਜ ਅਤੇ ਸਮਾਲ ਟਾਊਨਜ਼-ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਸਮੂਹ ਜਨਤਕ ਸਥਾਨਾਂ ਅਤੇ ਧਾਰਮਿਕ ਸਥਾਨਾਂ 'ਤੇ ਅਗਲੇ ਹੁਕਮਾਂ ਤੱਕ ਠੀਕਰੀ ਪਹਿਰਾ ਲਗਾਉਣ ਲਈ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਧਾਰਮਿਕ ਕਮੇਟੀਆਂ, ਬੋਰਡ ਅਤੇ ਟਰੱਸਟਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। ਪਿਛਲੇ ਦਿਨੀਂ ਧਾਰਮਿਕ ਸਥਾਨਾਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਅਤੇ ਇਲਾਕੇ ਵਿੱਚ ਤਣਾਅ ਪੈਦਾ ਹੋਣ ਅਤੇ ਲੋਕਾਂ ਦੀ ਜਾਨ ਅਤੇ ਮਾਲ ਨੂੰ ਨੁਕਸਾਨ ਪਹੁੰਚਣ ਦੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਧਾਰਮਿਕ ਸਥਾਨਾਂ ਦੀ ਮਰਿਆਦਾ ਅਤੇ ਜਨਤਕ ਸਥਾਨਾਂ ਦੀ ਸੁਰੱਖਿਆ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਕਿਸੇ ਸ਼ਰਾਰਤ ਦੀ ਗੁੰਜਾਇਸ਼ ਖ਼ਤਮ ਕੀਤੀ ਜਾ ਸਕੇ। ਮਨਾਹੀ ਦੇ ਇਹ ਹੁਕਮ 1 ਅਪ੍ਰੈਲ, 2017 ਤੱਕ ਲਾਗੂ ਰਹਿਣਗੇ।