ਰੱਖਿਆ ਮੰਤਰੀ ਭਲਕੇ ਕਰਨਗੇ ਹੁਸੈਨੀਵਾਲਾ ਵਿਖੇ ਬਣਾਏ ਪੁੱਲ ਦਾ ਉਦਘਾਟਨ..!!

Gurpreet Singh Josan
Last Updated: Aug 11 2018 14:00

ਮਿਨਿਸਟਰ ਆਫ਼ ਡਿਫੈਂਸ ਭਾਰਤ ਸਰਕਾਰ, ਨਵੀਂ ਦਿੱਲੀ 'ਚ ਨਿਰਮਲਾ ਸੀਤਾਰਮਨ ਭਲਕੇ 12 ਅਗਸਤ 2018 ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ ਹੁਸੈਨੀਵਾਲਾ ਵਿਖੇ ਦਰਿਆ ਸਤਲੁਜ 'ਤੇ ਬਣਾਏ ਗਏ ਪੁਲ ਦਾ ਉਦਘਾਟਨ ਕਰਨਗੇ। ਜਾਣਕਾਰੀ ਮੁਤਾਬਿਕ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ 280 ਫੁੱਟ ਲੰਬੇ ਬਣੇ ਇਸ ਪੁਲ ਨੂੰ ਤਿਆਰ ਕੀਤਾ ਗਿਆ ਹੈ, ਜਿਸ ਦਾ ਫ਼ਾਇਦਾ ਫ਼ਿਰੋਜ਼ਪੁਰ ਅਤੇ ਹੁਸੈਨੀਵਾਲਾ ਬਾਰਡਰ ਅਤੇ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨੂੰ ਮਿਲੇਗਾ। ਪੁਲ ਦੇ ਉਦਘਾਟਨ ਤੋਂ ਬਾਅਦ ਰੱਖਿਆ ਮੰਤਰੀ ਵੱਲੋਂ ਸ਼ਹੀਦਾਂ ਦੀਆਂ ਸਮਾਧਾਂ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

ਰੱਖਿਆ ਮੰਤਰੀ ਦੇ ਦੌਰੇ ਨੂੰ ਲੈ ਕੇ 7 ਇੰਨਫੈਂਟਰੀ ਡਵੀਜ਼ਨ ਮੇਜਰ ਜਨਰਲ ਜੈ.ਐਸ. ਸੰਧੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨ.) ਗੁਰਮੀਤ ਸਿੰਘ ਮੁਲਤਾਨੀ ਅਤੇ ਐਸ.ਐਸ.ਪੀ ਪ੍ਰੀਤਮ ਸਿੰਘ ਨੇ ਹੁਸੈਨੀਵਾਲਾ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 7 ਇੰਨਫੈਂਟਰੀ ਡਵੀਜ਼ਨ ਮੇਜਰ ਜਨਰਲ ਜੈ.ਐਸ.ਸੰਧੂ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨ.) ਗੁਰਮੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੱਖਿਆ ਮੰਤਰੀ ਦੇ ਫ਼ਿਰੋਜ਼ਪੁਰ ਇਸ ਦੌਰੇ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਨਾਲ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ।