ਏ.ਪੀ. ਜੈਨ ਹਸਪਤਾਲ ਦੀ ਨਰਸ ਅਗਵਾ, ਪਰਚਾ ਦਰਜ.!!!

Last Updated: Aug 11 2018 13:10

ਰਾਜਪੁਰਾ ਵਿਖੇ ਸਥਿਤ ਏ.ਪੀ. ਜੈਨ ਹਸਪਤਾਲ ਵਿੱਚ ਨੌਕਰੀ ਕਰਦੀ ਇੱਕ ਔਰਤ ਦੇ ਭੇਦ ਭਰੇ ਹਾਲਾਤਾਂ 'ਚ ਅਗਵਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਈ ਔਰਤ ਦੀ ਪਹਿਚਾਣ 30 ਸਾਲਾਂ ਜਸਵਿੰਦਰ ਕੌਰ ਦੇ ਤੌਰ ਤੇ ਹੋਈ ਹੈ। ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਅਗਵਾ ਦੇ ਉਕਤ ਮਾਮਲੇ ਵਿੱਚ ਜਸਵਿੰਦਰ ਕੌਰ ਦੇ ਸਹੁਰੇ ਦੇ ਬਿਆਨਾਂ ਤੇ ਏ.ਪੀ. ਜੈਨ. ਹਸਪਤਾਲ ਵਿੱਚ ਹੀ ਕੰਮ ਕਰਕੇ ਮਲਕੀਤ ਸਿੰਘ ਨਾਮਕ ਇੱਕ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 

ਦਰਜ ਮੁਕੱਦਮੇ ਅਨੁਸਾਰ ਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ ਨਿਵਾਸੀ ਜਸਵਿੰਦਰ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਰਾਜਪੁਰਾ ਦੇ ਉਕਤ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰਦੀ ਸੀ। ਲੰਘੀ ਰਾਤ ਲਗਭਗ ਪੌਣੇ ਕੁ ਅੱਠ ਵਜੇ ਉਹ ਆਪਣੀ ਡਿਊਟੀ ਕਰਨ ਲਈ ਹਸਪਤਾਲ ਗਈ ਲੇਕਿਨ ਅਗਲੀ ਸਵੇਰ ਘਰ ਵਾਪਸ ਨਹੀਂ। ਜਸਵਿੰਦਰ ਕੌਰ ਦੇ ਸਹੁਰੇ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ, ਉਸਨੇ ਆਪਣੀ ਨੂੰਹ ਨੂੰ ਤਲਾਸ਼ਣ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਉਸਦਾ ਕੋਈ ਅਤਾ-ਪਤਾ ਨਹੀਂ ਚੱਲ ਸਕਿਆ। ਸ਼ਿਕਾਇਤ ਕਰਤਾ ਨੇ ਉਕਤ ਹਸਪਤਾਲ ਵਿੱਚ ਹੀ ਕੰਮ ਕਰਨ ਵਾਲੇ ਮਲਕੀਤ ਸਿੰਘ ਤੇ ਉਸਦੀ ਨੂੰਹ ਨੂੰ ਅਗਵਾ ਕਰ ਲੈਣ ਦਾ ਇਲਜ਼ਾਮ ਲਗਾਇਆ ਹੈ। 

ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਇੰਦਰਜੀਤ ਸਿੰਘ ਦੀ ਸ਼ਿਕਾਇਤ ਤੇ ਮਲਕੀਤ ਸਿੰਘ ਦੇ ਖ਼ਿਲਾਫ਼ ਧਾਰਾ 365 ਦੇ ਤਹਿਤ ਮੁਕੱਦਮਾ ਨੰਬਰ 252 ਦਰਜ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਜਸਵਿੰਦਰ ਕੌਰ ਅਤੇ ਮਲਕੀਤ ਸਿੰਘ ਦਾ ਕੋਈ ਸੁਰਾਗ ਨਹੀਂ ਸੀ ਲੱਗ ਸਕਿਆ। ਪੁਲਿਸ ਉਨ੍ਹਾਂ ਦੀ ਤਲਾਸ਼ ਵਿੱਚ ਲਗਾਤਾਰ ਛਾਪੇ ਮਾਰ ਰਹੀ ਹੈ।