ਵਾਇਰਲ ਵੀਡੀਓ ਨਿਗਲ ਗਈ ਇੱਕ ਪੂਰੇ ਪਰਿਵਾਰ ਨੂੰ!! (ਨਿਊਜ਼ਨੰਬਰ ਖਾਸ ਖਬਰ)

Last Updated: Aug 11 2018 13:13

ਅੱਜ ਸਮਾਰਟ ਫ਼ੋਨਾਂ ਅਤੇ ਵੱਡੀਆਂ ਕੰਪਨੀਆਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਵਰਗੀਆਂ ਇੰਟਰਨੈੱਟ ਸੇਵਾਵਾਂ ਨੇ ਸਾਡੇ ਦੇਸ਼ ਦੇ ਲੋਕਾਂ, ਖ਼ਾਸ ਕਰਕੇ ਵਿਹਲੜ ਨੌਜਵਾਨਾਂ ਨੂੰ ਵਧੀਆ ਆਹਰੇ ਲਗਾ ਰੱਖਿਆ ਹੈ। ਬਿਨਾਂ ਕੰਮ ਤੋਂ ਹੀ ਅੱਜ ਹਰੇਕ ਬੰਦਾ ਬਿਜ਼ੀ ਹੋਇਆ ਤੁਰਿਆ ਫ਼ਿਰਦਾ ਹੈ। ਅੱਜ ਬੱਚੇ, ਬੁੱਢੇ ਤੇ ਨੌਜਵਾਨ ਸਾਰਿਆਂ ਨੂੰ ਸਮਾਰਟ ਫ਼ੋਨ ਤੇ ਇੰਟਰਨੈੱਟ ਨੇ ਕਮਲਾ ਜਿਹਾ ਬਣਾ ਦਿੱਤਾ ਹੈ।

ਕੋਈ ਜੰਮਿਆ ਹੋਵੇ, ਕਿਸੇ ਦੀ ਮੰਗਣੀ ਹੋਵੇ, ਕਿਸੇ ਦਾ ਵਿਆਹ ਹੋਵੋ, ਕੋਈ ਸੜਕ ਤੇ ਪਿਆ ਮਰ ਰਿਹਾ ਹੋਵੇ ਅਤੇ ਇੱਥੋਂ ਤੱਕ ਕਿ ਹੁਣ ਤਾਂ ਲੋਕ ਸ਼ਮਸ਼ਾਨਘਾਟਾਂ ਵਿੱਚ ਹੁੰਦੇ ਸੰਸਕਾਰਾਂ ਅਤੇ ਹੁੰਦੇ ਬਲਾਤਕਾਰਾਂ ਵਰਗੇ ਸੰਗੀਨ ਜੁਰਮਾਂ ਦੀਆਂ ਫ਼ੋਟੋਆਂ ਅਤੇ ਵੀਡੀਓਜ਼ ਬਣਾ ਕੇ ਝੱਟ ਸੋਸ਼ਲ ਮੀਡੀਆ ਤੇ ਚਾੜ ਦਿੰਦੇ ਹਨ। ਮੋਬਾਈਲ ਫ਼ੋਨ ਦਾ ਭੂਤ ਲੋਕਾਂ ਦੇ ਸਿਰ ਚੜ ਕੇ ਇਸ ਕਦਰ ਨੱਚ ਰਿਹਾ ਹੈ ਕਿ, ਹੁਣ ਤਾਂ ਲੋਕਾਂ ਨੇ ਖ਼ੁਦ ਨੂੰ ਕਨੂੰਨ ਅਤੇ ਅਦਾਲਤਾਂ ਨਾਲੋਂ ਵੀ ਉੱਪਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਫ਼ਿਰ ਭਾਵੇਂ ਇਸ ਨਾਲ ਕਿਸੇ ਦੇ ਮਾਨ-ਸਨਮਾਨ ਨੂੰ ਕਿੰਨੀ ਵੀ ਠੇਸ ਕਿਉਂ ਨਾ ਪਹੁੰਚੇ।

ਅਜਿਹਾ ਹੀ ਇੱਕ ਮਾਮਲਾ ਆਇਆ ਹੈ, ਪਟਿਆਲਾ ਵਿੱਚ ਵੀ, ਜਿੱਥੇ ਇੱਕ ਸ਼ੋਅਰੂਮ ਦੇ ਮਾਲਕ ਦੀ ਨਿੱਕੀ ਜਿਹੀ ਲਾਪਰਵਾਹੀ ਦੇ ਚੱਲਦਿਆਂ ਇੱਕ ਹੱਸਦਾ ਵੱਸਦਾ ਪੂਰਾ ਘਰ ਉੱਜੜ ਗਿਆ। ਹੋਇਆ ਇੰਝ ਕਿ, ਬਾਬਾ ਧਿਆਨਾ ਸਿੰਘ ਟੋਭਾ ਵਿਖੇ ਸਥਿਤ ਝਿਊਰਾਂ ਵਾਲੀ ਗਲੀ ਵਿੱਚ ਰਹਿਣ ਵਾਲਾ ਪਵਨ ਕੁਮਾਰ ਪਟਿਆਲਾ ਵਿਖੇ ਹੀ ਸਥਿਤ ਬਿੱਟੂ ਡੀਲਕਸ ਫ਼ੈਸ਼ਨ ਸਟੋਰ ਤੇ ਕੰਮ ਕਰਦਾ ਸੀ। ਦੁਕਾਨ ਵਿੱਚ ਕੋਈ ਚੋਰੀ ਹੋ ਗਈ ਸੀ, ਜਦੋਂ ਦੁਕਾਨ ਦੇ ਮਾਲਕ ਨੂੰ ਕੋਈ ਹੋਰ ਨਾ ਲੱਭਾ ਤਾਂ ਉਸਨੇ ਸਾਰਾ ਇਲਜ਼ਾਮ ਪਵਨ ਕੁਮਾਰ ਦੇ ਗਲ ਮੜ ਦਿੱਤਾ। ਬੱਸ ਫ਼ਿਰ ਕੀ ਸੀ, ਉਸਨੇ ਆਪਣਾ ਮੋਬਾਈਲ ਫ਼ੋਨ ਚੁੱਕਿਆ ਅਤੇ ਖੁਦ ਹੀ ਜੱਜ ਬਣ ਕੇ ਉਸਨੇ ਫ਼ੈਸਲਾ ਕਰ ਦਿੱਤਾ ਕਿ, ਪਵਨ ਕੁਮਾਰ ਹੀ ਚੋਰ ਹੈ।

ਇਲਜ਼ਾਮ ਹੈ ਕਿ ਦੁਕਾਨ ਦੇ ਮਾਲਕ ਨੇ ਆਪਣੇ ਚਾਰ ਗੁਆਂਢੀ ਦੁਕਾਨਦਾਰ ਇਕੱਠੇ ਕਰਕੇ ਪਵਨ ਕੁਮਾਰ ਦੀ ਕੁੱਟਮਾਰ ਕੀਤੀ ਉਸਦੀ ਜਾਤ ਬਰਾਦਰੀ ਨੂੰ ਲੈ ਕੇ ਅਪ-ਸ਼ਬਦ ਬੋਲੇ, ਗਾਲਾਂ ਕੱਢੀਆਂ ਅਤੇ ਨਾਲ ਹੀ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਉਕਤ ਦੁਕਾਨਦਾਰਾਂ ਨੇ ਵੀਡੀਓ ਵਿੱਚ ਪਵਨ ਕੁਮਾਰ ਨਾਲ ਉਹ ਕੁਝ ਵੀ ਕੀਤਾ ਜਿਹੜਾ ਕਿ, ਖ਼ਬਰ ਵਿੱਚ ਬਿਆਨ ਕਰਨਾ ਸਹੀ ਨਹੀਂ ਹੋਵੇਗਾ। ਸਾਰਾ ਕੁਝ ਕਰਨ ਕਰਵਾਉਣ ਦੇ ਬਾਅਦ ਉਸਨੂੰ ਇੱਕ ਕਮਰੇ ਵਿੱਚ ਡੱਕ ਦਿੱਤਾ ਗਿਆ ਅਤੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ, ਇਸ ਸਭ ਦੇ ਬਾਵਜੂਦ ਵੀ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਿਤ ਕਰਨਾ ਉਚਿੱਤ ਨਹੀਂ ਸਮਝਿਆ ਅਤੇ ਸ਼ਾਮ ਨੂੰ ਉਹਨਾਂ ਨੇ ਪਵਨ ਕੁਮਾਰ ਨੂੰ ਬਾਹਰ ਕੱਢ ਦਿੱਤਾ। ਪਵਨ ਕੁਮਾਰ ਦੇ ਘਰ ਪਹੁੰਚਣ ਤੋਂ ਪਹਿਲਾਂ-ਪਹਿਲਾਂ ਉਸਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਸੀ। ਉਸਨੂੰ ਉਸਦੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ, ਜਿਹਨਾਂ ਨੇ ਕਿ ਉਸਨੂੰ ਵੀਡੀਓ 'ਚ ਪਹਿਚਾਣ ਲਿਆ ਸੀ, ਦੇ ਫ਼ੋਨ ਆਉਣੇ ਵੀ ਸ਼ੁਰੂ ਹੋ ਗਏ।

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਕਾਰਨ ਉਸਨੇ ਖੁਦ ਨੂੰ ਇੰਨਾ ਕੁ-ਬੇਇੱਜ਼ਤ ਮਹਿਸੂਸ ਕੀਤਾ ਕਿ, ਉਹ ਬਿਨਾਂ ਕਿਸੇ ਨੂੰ ਕੁਝ ਦੱਸਿਆ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਕਿਧਰੇ ਚੱਲਿਆ ਗਿਆ, ਜਿਸਦਾ ਅਜੇ ਤੱਕ ਵੀ ਕੋਈ ਸੁਰਾਗ ਨਹੀਂ ਪਤਾ ਲੱਗ ਸਕਿਆ ਕਿ, ਉਹ ਅਤੇ ਉਸਦਾ ਪਰਿਵਾਰ ਜਿਊਂਦਾ ਵੀ ਹੈ ਜਾਂ ਨਹੀਂ? ਭਾਵੇਂਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਲਗਭਗ ਅੱਧੇ ਦਰਜਨ ਮੁਲਜ਼ਮਾਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਲਾਪਤਾ ਹੋਏ ਪਵਨ ਕੁਮਾਰ ਅਤੇ ਉਸਦੇ ਪਰਿਵਾਰ ਦੀ ਤਲਾਸ਼ ਵਿੱਚ ਜੁਟੀ ਹੋਈ ਸੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।