ਅੰਤਮ ਇੱਛਾ ਦੇ ਰਾਹ ਦਾ ਰੋੜਾ ਬਣ ਗਈ ਧਾਰਮਿਕ ਕੱਟੜਤਾ!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 11 2018 12:58

ਸ਼ਾਇਦ ਕਿਸੇ ਨੇ ਇਹ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ, ਦੇਵੀ-ਦੇਵਤਿਆਂ ਦੇ ਇਸ ਦੇਸ਼ ਵਿੱਚ, ਇੱਕ ਦਿਨ ਧਾਰਮਿਕ ਕੱਟੜਤਾ ਇੰਨੀ ਕੁ ਹਾਵੀ ਹੋ ਜਾਵੇਗੀ, ਜਿਹੜੀ ਕਿ ਕਿਸੇ ਦੀ ਅੰਤਿਮ ਇੱਛਾ ਦੇ ਵੀ ਰਾਹ ਦਾ ਰੋੜਾ ਵੀ ਬਣ ਜਾਏਗੀ। ਦਿੱਲੀ ਜਿਸਨੂੰ ਕਿ, ਦਿਲ ਵਾਲਿਆਂ ਦੀ ਦਿੱਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਸੇ ਦਿਲੀ ਵਿੱਚ ਇੱਕ ਔਰਤ ਦੀ ਮੌਤ ਦੇ ਬਾਅਦ ਹਿੰਦੂ ਸਮਾਜ ਨੇ ਉਸਦਾ ਸ਼ਰਾਧ ਕਰਨ ਦੀ ਆਗਿਆ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਸ ਔਰਤ ਨੇ ਹਿੰਦੂ ਹੋਣ ਦੇ ਬਾਵਜੂਦ ਇੱਕ ਮੁਸਲਿਮ ਬੰਦੇ ਨਾਲ ਵਿਆਹ ਕਰਵਾ ਲਿਆ ਸੀ।

ਜਾਣਕਾਰਾਂ ਦੀ ਮੰਨੀਏ ਤਾਂ ਉਕਤ ਔਰਤ ਦੇ ਪਤੀ ਨੇ ਆਪਣੀ ਪਤਨੀ ਦੀ ਅੰਤਿਮ ਇੱਛਾ ਦੇ ਅਨੁਸਾਰ ਉਸਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜ਼ਾਂ ਦੇ ਅਨੁਸਾਰ ਹੀ ਕੀਤਾ। ਪਰ ਆਪਣੀ ਪਤਨੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਉਸਦਾ ਪਤੀ ਉਸਦਾ ਸ਼ਰਾਧ ਕਰਵਾਉਣਾ ਚਾਹੁੰਦਾ ਸੀ ਪਰ, ਇਲਾਕੇ ਦੇ ਮੰਦਰ ਸਮਾਜ ਨੇ ਇਹ ਕਹਿ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ, ਮੁਸਲਮਾਨ ਨਾਲ ਵਿਆਹ ਕਰਵਾਕੇ ਇਸ ਔਰਤ ਦਾ ਹਿੰਦੂਤਵ ਖ਼ਤਮ ਹੋ ਚੁੱਕਾ ਹੈ। ਕੋਲਕਾਤਾ ਦੇ ਰਹਿਣ ਵਾਲੇ ਉਕਤ ਸ਼ਖਸ਼ ਦੀ ਪਹਿਚਾਣ ਇਮਤਿਆਜ਼ੁਰ ਰਹਿਮਾਨ ਦੇ ਤੌਰ ਤੇ ਹੋਈ ਹੈ ਜਦਕਿ ਮਰਨ ਵਾਲੀ ਉਸਦੀ ਪਤਨੀ ਦੀ ਪਹਿਚਾਣ ਨਿਵੇਦਿਤਾ ਦੇ ਤੌਰ ਤੇ ਹੋਈ ਹੈ। 

ਜਾਣਕਾਰਾਂ ਅਨੁਸਾਰ ਨਿਵੇਦਿਤਾ ਨੇ ਲਗਭਗ 20 ਸਾਲ ਪਹਿਲਾਂ ਆਪਣੀ ਮਰਜੀ ਦੇ ਨਾਲ ਇਮਤਿਆਜੁਰ ਰਹਿਮਾਨ ਨਾਲ ਵਿਆਹ ਕਰਵਾ ਲਿਆ ਸੀ। ਮੁਸਲਿਮ ਬੰਦੇ ਨਾਲ ਵਿਆਹ ਕਰਵਾਉਣ ਦੇ ਬਾਵਜੂਦ ਵੀ ਨਿਵੇਦਿਤਾ ਨੇ ਆਪਣੇ ਹਿੰਦੂ ਰੀਤੀ ਰਿਵਾਜ਼ ਨਹੀਂ ਬਦਲੇ ਅਤੇ ਉਹ ਆਪਣੀ ਮੌਤ ਦੇ ਆਖ਼ਰੀ ਪਲਾਂ ਤੱਕ ਵੀ ਸਾਰੇ ਹਿੰਦੂ ਰੀਤੀ ਰਿਵਾਜ਼ਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਪਹਿਲਾਂ ਵਾਂਗ ਹੀ ਦੇਵੀ ਦੇਵਤੇ ਪੂਜਦੀ ਰਹੀ। ਕਹਿੰਦੇ ਹਨ ਕਿ ਧਰਮ ਕਰਮ ਦੇ ਮਾਮਲਿਆਂ ਵਿੱਚ, ਨਿਵੇਦਿਤਾ ਦਾ ਪਤੀ ਵੀ ਕਦੇ ਉਸਦੇ ਰਾਹ ਦਾ ਰੋੜਾ ਨਹੀਂ ਬਣਿਆ।

ਨਿਵੇਦਿਤਾ ਦਾ ਅੰਤਮ ਸਸਕਾਰ ਹਿੰਦੂ ਰਵਾਇਤਾਂ ਮੁਤਾਬਿਕ ਦਿੱਲੀ ਦੇ ਨਿਗਮ ਬੋਧ ਘਾਟ 'ਤੇ ਹੋਇਆ, ਪਰ ਪਰਿਵਾਰ ਵਾਲੇ ਉਸ ਦਾ ਸਰਾਧ ਨਹੀਂ ਕਰਵਾ ਸਕੇ। ਚਿਤਰੰਜਨ ਪਾਰਕ ਮੰਦਿਰ ਸਮਾਜ ਨੇ ਸਰਾਧ ਦੀ ਬੁਕਿੰਗ ਵੀ ਕੈਂਸਲ ਕਰ ਦਿੱਤੀ। ਰਹਿਮਾਨ ਪੱਛਮੀ ਬੰਗਾਲ ਦੇ ਸਨਅਤੀ ਕਰ ਵਿਭਾਗ ਵਿੱਚ ਸਹਾਇਕ ਕਮਿਸ਼ਨਰ ਹਨ। ਉਸ ਨੇ ਦੱਸਿਆ ਕਿ 12 ਅਗਸਤ ਨੂੰ 1300 ਰੁਪਏ ਦੇ ਕੇ ਸਮਾਜ ਅਧੀਨ ਕਾਲੀ ਮੰਦਰ ਵਿੱਚ ਸਰਾਧ ਦਾ ਸਮਾਂ ਮੰਗਿਆ ਸੀ, ਪਰ ਬਾਅਦ ਵਿੱਚ ਬੁਕਿੰਗ ਰੱਦ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਟੈਂਪਲ ਸੋਸਾਇਟੀ ਮੰਦਰ ਦੇ ਪੰਡਤਾਂ ਦਾ ਤਰਕ ਹੈ ਕਿ, ਔਰਤ ਦਾ ਕੋਈ ਧਰਮ ਨਹੀਂ ਹੁੰਦਾ, ਉਹ ਜਿਸ ਨਾਲ ਵਿਆਹੀ ਜਾਂਦੀ ਹੈ, ਉਹ ਉਸੇ ਧਰਮ ਦੇ ਨਾਲ ਹੀ ਜੁੜ ਜਾਂਦੀ ਹੈ। ਕੋਈ ਵੀ ਔਰਤ ਵਿਆਹ ਤੋਂ ਬਾਅਦ ਆਪਣੇ ਪਤੀ ਦਾ ਉਪ ਨਾਮ ਅਤੇ ਉਸਦੇ ਧਰਮ ਦੀ ਹੀ ਪਾਲਣਾ ਕਰਨ ਦੀ ਪਾਬੰਦ ਹੁੰਦੀ ਹੈ। ਲਿਹਾਜ਼ਾ ਨਿਵੇਦਿਤਾ ਵੀ ਹੁਣ ਹਿੰਦੂ ਨਹੀਂ ਰਹੀ, ਇਸ ਲਈ ਕਿਸੇ ਵੀ ਹਾਲਤ ਵਿੱਚ ਉਸਦਾ ਸ਼ਰਾਧ ਨਹੀਂ ਕੀਤਾ ਜਾ ਸਕਦਾ। ਵੱਡਾ ਸਵਾਲ ਇਹ ਹੈ ਕਿ, ਆਖ਼ਰ ਧਾਰਮਿਕ ਕੱਟੜਵਾਦ ਦਾ ਸ਼ਿਕਾਰ ਹੋਕੇ, ਦਿਸ਼ਾਹੀਣ ਹੋ ਕਿੱਧਰ ਨੂੰ ਤੁਰ ਪਿਆ ਹੈ ਸਾਡਾ ਸਮਾਜ? ਪਤਾ ਨਹੀਂ ਉਹ ਦਿਨ ਕਿੱਦਣ ਆਵੇਗਾ ਜਦੋਂ ਅਸੀਂ ਆਪਣੇ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ ਤੇ ਚੱਲਦਿਆਂ, ਧਾਰਮਿਕ ਕੱਟੜਤਾ ਤਿਆਗ ਕੇ ਇਨਸਾਨ ਬਣਾਂਗੇ, ਸਿਰਫ਼ ਇਨਸਾਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।