ਪਟਵਾਰੀਆਂ ਨੇ ਕੀਤਾ ਫ਼ਰਦ ਕੇਂਦਰ ਦਾ ਬਾਈਕਾਟ, 16 ਤੋਂ ਅਣਮਿਥੇ ਸਮੇਂ ਲਈ ਹੜਤਾਲ ਦੀ ਚੇਤਾਵਨੀ

Last Updated: Aug 11 2018 12:48

ਜ਼ਿਲ੍ਹੇ ਦੇ ਉਪਮੰਡਲ ਅਬੋਹਰ ਦੇ ਫ਼ਰਦ ਕੇਂਦਰ ਦੇ ਅਧਿਕਾਰੀ ਅਤੇ ਪਟਵਾਰੀਆਂ ਵਿਚਕਾਰ ਖੜਕ ਪਈ ਹੈ, ਜਿਸ ਨੂੰ ਲੈ ਕੇ ਪਟਵਾਰੀਆਂ ਨੇ ਆਪਣਾ ਰੋਸ ਜਾਹਰ ਕਰਦਿਆਂ ਉਕਤ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਦਿੱਤਾ। ਉੱਥੇ ਹੀ ਪਟਵਾਰੀਆਂ ਨੇ ਫ਼ਰਦ ਕੇਂਦਰ 'ਚ ਡਾਟਾ ਐਂਟਰੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਤਾਂ ਸਮੂਹ ਪਟਵਾਰੀ 16 ਅਗਸਤ ਤੋਂ ਅਣਮਿਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਵਿਖੇ ਦਿ ਰਿਵੈਨਿਉ ਪਟਵਾਰ ਯੂਨੀਅਨ ਨੇ ਫਰਦ ਕੇਂਦਰ ਦੇ ਏ.ਐਸ.ਐਮ 'ਤੇ ਦੁਰਵਿਵਹਾਰ ਦਾ ਇਲਜ਼ਾਮ ਲਗਾਉਂਦੇ ਹੋਏ ਤਹਿਸੀਲਦਾਰ ਜੈਤ ਕੰਵਰ ਅਤੇ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਤੋਂ ਉਕਤ ਏ.ਐਸ.ਐਮ ਦੇ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕਰਨ ਅਤੇ ਉਸਦਾ ਇੱਥੋਂ ਤਬਾਦਲਾ ਕਰਨ ਦੀ ਮੰਗ ਕੀਤੀ ਹੈ, ਜਦਕਿ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਏ.ਐਸ.ਐਮ ਨੇ ਬੇਬੁਨਿਆਦ ਦੱਸਿਆ ਹੈ। ਅਧਿਕਾਰੀ ਬਲਵਿੰਦਰ ਕੁਮਾਰ ਨੇ ਇਲਜ਼ਾਮ ਲਾਇਆ ਕਿ ਯੂਨੀਅਨ ਪ੍ਰਧਾਨ ਵੱਲੋਂ ਉਸਨੂੰ ਕਈ ਦਿਨਾਂ ਤੋ ਉਸਦਾ ਤਬਾਦਲਾ ਕਰਵਾਏ ਜਾਣ ਦਾ ਕਹਿ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਯੂਨੀਅਨ ਪ੍ਰਧਾਨ ਚੰਦਰ ਕੁਮਾਰ ਨੇ ਦੱਸਿਆ ਕਿ ਫਰਦ ਕੇਂਦਰ ਦੇ ਅਧਿਕਾਰੀ  ਏ.ਐਸ.ਐਮ ਬਲਵਿੰਦਰ ਕੁਮਾਰ ਦਾ ਵਤੀਰਾ ਪਟਵਾਰੀਆਂ ਪ੍ਰਤੀ ਬੇਹਦ ਮਾੜਾ ਹੈ। ਜਦਕਿ ਪਟਵਾਰੀਆਂ ਨੂੰ ਫ਼ਰਦ ਕੇਂਦਰ 'ਚ ਰੋਜ਼ਾਨਾ ਹੀ ਕਈ ਵਾਰੀ ਕੰਮ ਨੂੰ ਆਉਣਾ ਪੈਂਦਾ ਹੈ।

ਪਟਵਾਰੀਆਂ ਨੇ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ ਦਿਨੀਂ ਕਰਜਾ ਮਾਫ਼ੀ ਸੂਚੀਆਂ ਦੀਆਂ ਕਾਪੀਆਂ ਕੱਢਣ ਨੂੰ ਲੈ ਕੇ ਉਕਤ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਅਤੇ ਉਸ ਤੋਂ ਬਾਅਦ ਹੁਣ ਬੀਤੇ ਦਿਨੀਂ ਸਵੈ ਘੋਸ਼ਣਾ ਪੱਤਰ ਦੀ ਕਾਪੀ ਕੱਢਣ ਨੂੰ ਲੈ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਗਈ। ਇਲਜ਼ਾਮ ਅਨੁਸਾਰ ਉਕਤ ਏ.ਐਸ.ਐਮ. ਨੇ ਇੱਕ ਪਟਵਾਰੀ ਦੇ ਸਾਹਮਣੇ ਆਪਣੇ ਕਥਿਤ ਅੜੀਅਲ ਰਵਈਏ ਦੇ ਚਲਦੇ ਸਵੈ ਘੋਸ਼ਣਾ ਪੱਤਰ ਮੂੰਹ 'ਤੇ ਦੇ ਮਾਰੇ ਜਿਸ ਕਾਰਨ ਸਾਰੇ ਪਟਵਾਰੀਆਂ ਵਿੱਚ ਰੋਸ ਹੈ। ਚੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਯੂਨੀਅਨ ਵੱਲੋਂ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਉਕਤ ਅਧਿਕਾਰੀ ਖਿਲਾਫ਼ ਕਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ਦਾ ਫ਼ੈਸਲਾ ਲਿਆ, ਜਿਸ 'ਤੇ ਸਾਰੇ ਪਟਵਾਰੀਆਂ ਨੇ ਤਹਿਸੀਲਦਾਰ ਜੈਤ ਕੰਵਰ ਨੂੰ ਇੱਕ ਮੰਗ ਪੱਤਰ ਸੌਂਪਦੇ ਹੋਏ ਉਕਤ ਅਧਿਕਾਰੀ ਬਲਵਿੰਦਰ ਕੁਮਾਰ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਅਤੇ ਉਸਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ। ਨਾਲ ਹੀ ਪਟਵਾਰੀਆਂ ਨੇ ਫਰਦ ਕੇਂਦਰ ਵਿੱਚ ਡਾਟਾ ਐਂਟਰੀ ਦਾ ਪੂਰਨ ਰੂਪ ਤੋਂ ਬਾਇਕਾਟ ਕਰ ਦਿੱਤਾ ਗਿਆ ਹੈ। ਪਟਵਾਰੀਆਂ ਨੇ ਚੇਤਾਵਨੀ  ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਏ.ਐਸ.ਐਮ 'ਤੇ ਕਾਰਵਾਈ ਨਾ ਕੀਤੀ ਤਾਂ 16 ਅਗਸਤ ਤੋਂ ਸਾਰੇ ਪਟਵਾਰੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੇ।