ਮੁਕਤਸਰ ਸ਼ਹਿਰ ਵਿੱਚੋਂ ਭੇਦਭਰੀ ਹਾਲਤ ਵਿੱਚ ਦੋ ਵਿਅਕਤੀ ਗੁੰਮ, ਜਾਂਚ ਜਾਰੀ

Last Updated: Aug 11 2018 12:54

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਿੱਚ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ ਦੋ ਵਿਅਕਤੀ ਭੇਦਭਰੀ ਹਾਲਤ ਵਿੱਚ ਗੁੰਮ ਹੋ ਗਏ ਹਨ। ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਦਵਿੰਦਰ ਕੁਮਾਰ ਵਾਸੀ ਗੋਨਿਆਣਾ ਰੋਡ ਅਤੇ ਗੁਰਜਿੰਦਰ ਸਿੰਘ ਵਾਸੀ ਕੋਟਕਪੂਰਾ ਰੋਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਕੁਮਾਰ ਦੀ ਪਤਨੀ ਮੀਨੁ ਰਾਣੀ ਨੇ ਇਲਜ਼ਾਮ ਲਗਾਇਆ ਹੈ ਕਿ ਉਸਦੇ ਪਤੀ ਨੂੰ ਕੁਝ ਫਾਈਨੈਂਸਰਾਂ ਨੇ ਜਾਣਬੁੱਝ ਕੇ ਅਗਵਾ ਕੀਤਾ ਹੋਇਆ ਹੈ। ਉਕਤ ਇਲਜ਼ਾਮ ਦੇ ਅਨੁਸਾਰ ਉਸਨੇ ਦੱਸਿਆ ਕਿ ਉਸਦੇ ਪਤੀ ਨੇ ਗਊਸ਼ਾਲਾ ਰੋਡ ਨਿਵਾਸੀ ਫਾਈਨੈਂਸਰ ਮਦਨ ਲਾਲਾ ਕੋਲੋਂ ਪੈਸੇ ਉਧਰ ਲਏ ਸਨ ਤੇ ਹੁਣ ਮਦਨ ਕੁਮਾਰ, ਉਸਦਾ ਇੱਕ ਸਾਥੀ ਪਾਠੀ ਤੇ ਚਾਰ ਹੋਰ ਲੋਕਾਂ ਨੇ ਉਸਦੇ ਪਤੀ ਨੂੰ ਅਗਵਾ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਗੁੰਮ ਹੋਏ ਵਿਅਕਤੀ ਗੁਰਜਿੰਦਰ ਦੇ ਭਰਾ ਸੁਖਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਰਾ ਕਚਹਿਰੀ ਵਿੱਚ ਮੁਨਸ਼ੀ ਲੱਗਿਆ ਹੈ ਅਤੇ ਬੀਤੇ ਦਿਨੀਂ ਉਹ ਅਚਾਨਕ ਘਰ ਤੋਂ ਗੁੰਮ ਹੋ ਗਿਆ। ਉਸਦੇ ਅਨੁਸਾਰ ਗੁੰਮ ਹੋਣ ਦੇ ਬਾਅਦ ਉਸਦੇ ਨਾਲ ਕੰਮ ਕਰਦੇ ਹੋਰ ਚਾਰ ਸਾਥੀ ਉਸਦਾ ਮੋਟਰਸਾਈਕਲ ਵੀ ਘਰ ਤੋਂ ਲੈ ਗਏ ਅਤੇ ਉਸਦੇ ਕੱਪੜਿਆਂ ਵਿੱਚੋਂ ਇੱਕ ਡਾਇਰੀ ਮਿਲੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਾਰੇ ਪਹਿਲੂ ਜਾਂਚ ਕੀਤੇ ਜਾ ਰਹੇ ਹਨ ਅਤੇ ਉਕਤ ਵਿਅਕਤੀ ਦਾ ਭਾਲ ਜਾਰੀ ਹੈ।