ਪਿਸਟਲ ਦੀ ਨੋਕ ਤੇ 77 ਹਜ਼ਾਰ ਰੁਪਏ ਕੱਢ ਲਿਜਾਣ ਦੇ ਦੋਸ਼ 'ਚ 9 ਖ਼ਿਲਾਫ਼ ਮੁਕੱਦਮਾ ਦਰਜ..!!

Last Updated: Aug 11 2018 12:37

ਕਲਗੀਧਰ ਨਗਰ ਜ਼ੀਰਾ ਦੇ ਰਹਿਣ ਵਾਲੇ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਇਲਾਵਾ ਪਿਸਟਲ ਦੀ ਨੋਕ ਤੇ 77 ਹਜ਼ਾਰ ਰੁਪਏ ਕੱਢ ਲਿਜਾਣ ਦੇ ਦੋਸ਼ ਵਿੱਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ 9 ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਲਗੀਧਰ ਨਗਰ ਜ਼ੀਰਾ ਨੇ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਦਾਵਤ ਰੈਸਟੋਰੈਂਟ ਜ਼ੀਰਾ ਵਿਖੇ ਮੌਜ਼ੂਦ ਸੀ ਤਾਂ ਰਣਜੀਤ ਸਿੰਘ, ਬਗੀਚਾ ਸਿੰਘ, ਸਰਬਜੀਤ ਸਿੰਘ, ਹਰਪਾਲ ਸਿੰਘ ਅਤੇ 5 ਅਣਪਛਾਤੇ ਵਿਅਕਤੀ ਹਮਮਸ਼ਵਰਾ ਹੋ ਕੇ ਆਏ ਤੇ ਉਸ ਦੇ ਗਲ ਪੈ ਗਏ ਤੇ ਸੱਟਾਂ ਮਾਰੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਹਰਪ੍ਰੀਤ ਸਿੰਘ ਮੁਤਾਬਿਕ ਇਸ ਦੌਰਾਨ ਉਕਤ ਲੋਕਾਂ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ। ਹਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਮੁਲਜ਼ਮ ਰਣਜੀਤ ਸਿੰਘ ਦੇ ਕੋਲ ਪਿਸਟਲ ਸੀ ਅਤੇ ਉਹ ਡਰਾ ਧਮਕਾ ਕੇ ਉਸ ਦੇ ਕੋਲੋਂ 77 ਹਜ਼ਾਰ ਰੁਪਏ ਕੱਢ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਵਣ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਰਣਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਮਹਿਲਾ ਜ਼ਿਲ੍ਹਾ ਮੋਗਾ, ਬਗੀਚਾ ਸਿੰਘ ਪੁੱਤਰ ਸਰਬਜੀਤ ਸਿੰਘ, ਸਰਬਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀਅਨ ਫੈਰੋ ਕੇ ਅਤੇ ਹਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਟਿੱਬੀ ਮਮਦੋਟ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।