ਪੁਲਿਸ ਦਾ ਦਾਅਵਾ, ਹੈਰੋਇਨ ਤੇ ਨਜਾਇਜ਼ ਸ਼ਰਾਬ ਸਣੇ 3 ਗ੍ਰਿਫ਼ਤਾਰ

Last Updated: Aug 11 2018 12:37

ਬੀਤੇ ਦਿਨ ਨਾਕੇਬੰਦੀ ਅਤੇ ਗਸ਼ਤ ਦੇ ਦੌਰਾਨ ਥਾਣਾ ਜ਼ੀਰਾ ਸਦਰ, ਮਮਦੋਟ ਅਤੇ ਥਾਣਾ ਕੈਂਟ ਫ਼ਿਰੋਜ਼ਪੁਰ ਦੀ ਪੁਲਿਸ ਵੱਲੋਂ ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ  ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਐਨਡੀਪੀਐਸ ਅਤੇ ਆਬਕਾਰੀ ਐਕਟ ਤਹਿਤ ਕੀਤੇ ਪਰਚੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਸਦਰ ਦੇ ਸਹਾਇਕ ਸਬ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਦਾਣਾ ਮੰਡੀ ਫੈਰੋ ਕੇ ਕੋਲ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਸ਼ੱਕ ਦੇ ਤਹਿਤ ਇੱਕ ਵਿਅਕਤੀ ਨੂੰ ਰੋਕਿਆ। ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ  5 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਤਾਜ਼ਾ ਸਿੰਘ ਵਾਸੀ ਪਿੰਡ ਮੇਜਰ ਸਿੰਘ ਵਾਲਾ ਵਜੋਂ ਹੋਈ ਹੈ।

ਇਸੇ ਤਰ੍ਹਾਂ ਥਾਣਾ ਮਮਦੋਟ ਦੇ ਹੌਲਦਾਰ ਚਮਕੌਰ ਸਿੰਘ ਨੇ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਬੀਤੀ ਦੁਪਹਿਰ ਪਿੰਡ ਜੋਧਪੁਰ ਤੋਂ  ਇੱਕ ਵਿਅਕਤੀ ਨੂੰ 70 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੇ ਆਪਣਾ ਨਾਂਅ ਜੀਤਾ ਪੁੱਤਰ ਲਾਲ ਸਿੰਘ ਵਾਸੀ ਪਿੰਡ ਕੜਮਾਂ ਦੱਸਿਆ ਹੈ। ਥਾਣਾ ਕੈਂਟ ਫ਼ਿਰੋਜ਼ਪੁਰ ਦੇ ਹੌਲਦਾਰ ਕਰਮਜੀਤ ਸਿੰਘ ਨੇ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਬੀਤੇ ਦਿਨ ਗਸ਼ਤ ਦੇ ਦੌਰਾਨ ਨਿਮਰਲ ਸਿੰਘ ਉਰਫ਼ ਨਿੰਮਾ ਪੁੱਤਰ ਜੌਨ ਵਾਸੀ ਮਕਾਨ ਨੰਬਰ 410 ਵਾਰਡ ਨੰਬਰ 1 ਗਵਾਲ ਟੋਲੀ ਕੈਂਟ ਫ਼ਿਰੋਜ਼ਪੁਰ ਨੂੰ 15 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਤਿੰਨੇ ਵਿਅਕਤੀਆਂ ਵਿਰੁੱਧ ਪਰਚੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।