ਸਰਕਾਰੀ ਡਿਊਟੀ ਵਿੱਚ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

Last Updated: Aug 11 2018 12:41

ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਅੱਜ ਤੱਕ ਦੇ ਸਭ ਤੋਂ ਵੱਡੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਨਾਂਅ ਹਰ ਕਿਸੇ ਦੀ ਜੁਬਾਨ ਤੇ ਹੈ। ਸਰਕਾਰ ਵੱਲੋਂ ਇੱਕ ਪਾਸੇ ਇਸ ਮਿਸ਼ਨ ਤਹਿਤ ਸਮਾਜ ਨੂੰ ਸੁਧਾਰਨ ਦੇ ਨਾਲ-ਨਾਲ ਜਿੱਥੇ ਵਾਤਾਵਰਣ ਨੂੰ ਸੰਭਾਲਣ ਦੇ ਯਤਨ ਹੋ ਰਹੇ ਹਨ, ਉੱਥੇ ਹੀ ਇਸ ਮਿਸ਼ਨ ਤਹਿਤ ਹੁਣ ਸਰਕਾਰੀ ਅਧਿਕਾਰੀਆਂ ਦੀ ਸ਼ਾਮਤ ਵੀ ਆਉਣ ਵਾਲੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਸਰਕਾਰੀ ਡਿਊਟੀ ਨਿਭਾਉਣ ਵਿੱਚ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ।

ਸਨੌਰ ਕਾਂਡ ਤੋਂ ਬਾਅਦ ਲੋਕੀ ਪੁਲਿਸ ਨੂੰ ਤਾਂ ਗਾਲ੍ਹਾਂ ਕੱਢ ਹੀ ਰਹੇ ਹਨ ਨਾਲ ਹੀ ਸਰਕਾਰ ਨੂੰ ਵੀ ਕੋਸ ਰਹੇ ਹਨ ਜੋ ਕਿ ਸਰਕਾਰੀ ਅਫਸਰਾਂ ਵਿੱਚ ਕੋਈ ਅਨੁਸ਼ਾਸਨ ਕਾਇਮ ਨਹੀਂ ਕਰ ਪਾ ਰਹੀ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖ਼ੁਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਚੰਗੀ ਤਰ੍ਹਾਂ ਮਿਲ ਰਿਹਾ ਹੈ ਕਿ ਨਹੀਂ ਇਸ ਗੱਲ ਦਾ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਚੈਕਿੰਗ ਦੌਰਾਨ ਅਫਸਰਾਂ ਵੱਲੋਂ ਕਿਸੇ ਤਰ੍ਹਾਂ ਦੀ ਵਰਤੀ ਗਈ ਲਾਪਰਵਾਹੀ ਦਾ ਖੁਲਾਸਾ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ।