ਆਖਿਰ ਕੌਣ ਕਰੇਗਾ ਗੈਰ ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 11 2018 12:27

ਦਿਨੋਂ ਦਿਨ ਵੱਧ ਰਹੀ ਬੇਰੁਜ਼ਗਾਰੀ ਦੇ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ। ਵਿਦੇਸ਼ਾਂ ਵਿੱਚ ਜਿਹੜੇ ਤਾਂ ਜਾ ਕੇ ਸੈਟਲ ਹੋ ਜਾਂਦੇ ਹਨ ਉਹ ਤਾਂ ਚੰਗਾ ਮੁਨਾਫ਼ਾ ਕਮਾ ਲੈਂਦੇ ਹਨ, ਪਰ ਜਿਹੜੇ ਨੌਜਵਾਨ ਸਹੀ ਜਗ੍ਹਾਵਾਂ 'ਤੇ ਪੁੱਜਣ ਦੀ ਬਿਜਾਏ ਵਿਦੇਸ਼ੀ ਸਰਹੱਦਾਂ 'ਤੇ ਫੜੇ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਬਾਹਰਲੇ ਮੁਲਕਾਂ ਵਾਲੀਆਂ ਸਰਕਾਰਾਂ ਕਾਫ਼ੀ ਤਸ਼ੱਦਦ ਕਰਦੀਆਂ ਹਨ। ਇੱਕ ਤਾਂ ਪਹਿਲੋਂ ਨੌਜਵਾਨ ਹਲਾਤਾਂ ਦੇ ਮਾਰੇ ਹੁੰਦੇ ਹਨ, ਉਪਰੋਂ ਜਦੋਂ ਸਹੀ ਟਿਕਾਣੇ 'ਤੇ ਪੁੱਜਣ ਦੀ ਬਿਜਾਏ ਬੇਗਾਨੇ ਦੇਸ਼ ਦੀਆਂ ਜੇਲ੍ਹਾਂ ਅੰਦਰ ਪੁੱਜ ਜਾਂਦੇ ਹਨ ਤਾਂ ਜਿਹੜੇ ਏਜੰਟਾਂ ਦੇ ਜਰੀਏ ਵਿਦੇਸ਼ ਜਾਂਦੇ ਹਨ ਮੁੜ ਕੇ ਉਨ੍ਹਾਂ ਨੂੰ ਕੋਸਦੇ ਹਨ। ਦਰਅਸਲ, ਇਸ ਵਿੱਚ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਏਜੰਟ ਹੁੰਦੇ ਹਨ ਜਿਹੜੇ ਪੈਸੇ ਲੈ ਕੇ ਵੀ ਆਪਣਾ ਕੰਮ ਨਹੀਂ ਕਰਦੇ ਅਤੇ ਨੌਜਵਾਨਾਂ ਨੂੰ ਬੇਗਾਨੇ ਮੁਲਕ ਦੀਆਂ ਜੇਲ੍ਹਾਂ ਅੰਦਰ ਸੜਨ ਲਈ ਭੇਜ ਦਿੰਦੇ ਹਨ।

ਦੋਸਤੋਂ, ਤੁਹਾਨੂੰ ਦੱਸ ਦੇਈਏ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੈਰ ਕਾਨੂੰਨੀ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਰਦਿਆਂ ਏਜੰਟਾਂ ਨੂੰ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਲਾਜ਼ਮੀ ਕੀਤਾ ਗਿਆ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕਿਸੇ ਵੀ ਟਰੈਵਲ ਏਜੰਟ ਦੀ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ 'ਤੇ ਉਸ ਦਾ ਰਜਿਸਟਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ ਹੋਵੇਗਾ। ਟਰੈਵਲ ਏਜੰਟਾਂ ਦੇ ਜੋ ਵੀ ਇਸ਼ਤਿਹਾਰ ਕਿਸੇ ਵੀ ਮਾਧਿਅਮ (ਟੈਲੀਵਿਜ਼ਨ, ਪ੍ਰਿੰਟ, ਕੰਧਾਂ 'ਤੇ ਜਾਂ ਵਾਹਨਾਂ ਆਦਿ 'ਤੇ) ਰਾਹੀਂ ਲਗਵਾਏ ਜਾਣ ਤਾਂ ਉਨ੍ਹਾਂ 'ਤੇ ਏਜੰਟ ਦਾ ਰਜਿਸਟਰੇਸ਼ਨ ਨੰਬਰ ਜ਼ਰੂਰ ਦਰਜ ਹੋਣਾ ਚਾਹੀਦਾ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਵਿੱਚ ਪਬਲਿਸ਼ਰਜ਼ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਵੇਲੇ ਟਰੈਵਲ ਏਜੰਟ ਦਾ ਰਜਿਸਟਰੇਸ਼ਨ ਨੰਬਰ ਲੈਣਾ, ਵੈਰੀਫਾਈ (ਪੜਤਾਲ) ਅਤੇ ਦਰਜ ਕਰਨਾ ਜ਼ਰੂਰੀ ਬਣਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਬਲਿਸ਼ਰਜ਼ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਰ..!! ਦੁਕਾਨਾਂ ਦੀ ਤਰ੍ਹਾਂ ਟਰੇਵਲ ਏਜੰਟਾਂ ਦੇ ਖੁੱਲ੍ਹੇ ਦਫ਼ਤਰ ਜਿੱਥੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ, ਉੱਥੇ ਹੀ ਮਾਣਯੋਗ ਅਦਾਲਤ ਦੇ ਹੁਕਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਗੈਰ ਕਾਨੂੰਨੀ ਏਜੰਟਾਂ ਦਾ ਇਹ ਗੋਰਖ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਟਰੈਵਲ ਏਜੰਟਾਂ ਦੇ ਸ਼ਿਕਾਰ ਅਜਿਹੇ ਹੋਰ ਕਿੰਨੇ ਹੀ ਮਾਮਲੇ ਰੋਜ਼ ਵਾਪਰ ਰਹੇ ਹਨ ਜੋ ਸਾਡੇ ਸਾਹਮਣੇ ਨਹੀਂ ਆਉਦੇਂ ਇਸ ਵਿੱਚ ਕਿਸੇ ਪਾਸੇ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨ, ਪੰਜਾਬ ਇਸ ਕੰਮ ਦਾ ਹੱਬ ਬਣ ਚੁੱਕਿਆ ਹੈ। ਬੱਸ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ 'ਤੇ ਪਹੁੰਚਣ ਦੀਆਂ ਤਰਤੀਬਾਂ ਹਰ ਵਕਤ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਘੜਦੇ ਰਹਿੰਦੇ ਹਨ। ਵੇਖਿਆ ਜਾਵੇ ਤਾਂ ਦੁਖੀ ਹੋਏ ਨੌਜਵਾਨ ਨਿੱਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚ ਘਰੜ ਖੁਦਗਰਜ਼ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਆਪਣੀ ਜਾਨ ਜੋਖਮ ਵਿੱਚ  ਪਾਉਣ ਤੋਂ ਵੀ ਨਹੀਂ ਡਰਦੇ। 

ਰਜਿਸਟਰ ਏਜੰਟਾਂ ਦੀ ਗੱਲ ਕਰੀਏ ਤਾਂ ਉਹ ਏਜੰਟ ਮੋਟੀਆਂ ਫ਼ੀਸਾਂ ਤਾਂ ਜ਼ਰੂਰ ਲੈ ਲੈਂਦੇ ਹਨ, ਪਰ ਨੌਜਵਾਨਾਂ ਨੂੰ ਪੱਕੀ ਜਗ੍ਹਾ 'ਤੇ ਜ਼ਰੂਰ ਪਹੁੰਚਾ ਦਿੰਦੇ ਹਨ, ਜਿੱਥੇ ਉਹ ਕੰਮ ਧੰਦਾ ਲੱਭ ਕੇ ਆਪਣਾ ਰੁਜ਼ਗਾਰ ਚਲਾ ਲੈਂਦੇ ਹਨ, ਪਰ ਗੈਰ ਕਾਨੂੰਨੀ ਏਜੰਟ ਜਿਨ੍ਹਾਂ ਨੂੰ ਨਾ ਤਾਂ ਕੋਈ ਮਹਿਕਮਾ ਪੁੱਛਣ ਵਾਲਾ ਹੈ ਅਤੇ ਨਾ ਹੀ ਕੋਈ ਸਰਕਾਰ ਉਹ ਨੌਜਵਾਨਾਂ ਨਾਲ ਸ਼ਰੇਆਮ ਸ਼ੋਸ਼ਣ ਕਰਕੇ ਆਪਣੇ ਝਾਂਸੇ ਵਿੱਚ ਲੈ ਕੇ ਮੋਟੀਆਂ ਫ਼ੀਸਾਂ ਵੀ ਵਸੂਲ ਕਰ ਲੈਂਦੇ ਹਨ ਅਤੇ ਨੌਜਵਾਨਾਂ ਨੂੰ ਵਿਦੇਸ਼ ਵੀ ਨਹੀਂ ਭੇਜਦੇ। ਹਾਲ ਇਹ ਹਨ ਕਿ ਪੰਜਾਬ ਵਿੱਚ ਰੋਜ਼ਾਨਾ ਹੀ ਸੈਂਕੜੇ ਅਜਿਹੇ ਕੇਸ ਆ ਰਹੇ ਹਨ, ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਕਤ ਟਰੈਵਲ ਏਜੰਟਾਂ ਨੇ ਨੌਜਵਾਨ ਤੋਂ ਲੱਖਾਂ ਰੁਪਏ ਲੈ ਕੇ ਵੀ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਜਦੋਂ ਉਕਤ ਟਰੈਵਲ ਏਜੰਟ ਵਿਰੁੱਧ ਕਾਰਵਾਈ ਕਰਵਾਉਣ ਲਈ ਰਿਕਾਰਡ ਫਰੋਲਿਆ ਜਾਂਦਾ ਹੈ ਤਾਂ ਉਕਤ ਏਜੰਟ ਦਾ ਕਿਧਰੇ ਵੀ ਨਾਮ ਨਹੀਂ ਬੋਲਦਾ ਹੁੰਦਾ। ਉੱਥੋਂ ਪਤਾ ਲੱਗਦਾ ਹੈ ਕਿ ਉਕਤ ਟਰੈਵਲ ਏਜੰਟ ਆਪਣੀ 'ਹੱਟੀ' ਸਿਰਫ਼ ਤੇ ਸਿਰਫ਼ ਪੈਸੇ ਖਾਤਰ ਹੀ ਚਲਾ ਰਿਹਾ ਸੀ, ਉਸ ਨੂੰ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਪ੍ਰਵਾਹ ਨਹੀਂ। 

ਜੇਕਰ ਗੱਲ ਫ਼ਿਰੋਜ਼ਪੁਰ ਦੀ ਕਰੀਏ ਤਾਂ ਹਫ਼ਤੇ ਵਿੱਚ 4-5 ਕੇਸ ਤਾਂ ਇਹੋ ਜਿਹੇ ਸਾਹਮਣੇ ਆ ਹੀ ਰਹੇ ਹਨ, ਜਿਨ੍ਹਾਂ ਵਿੱਚ ਸਾਫ਼ ਤੌਰ 'ਤੇ ਲਿਖਿਆ ਜਾਂਦਾ ਹੈ ਕਿ ਏਜੰਟ ਨੇ ਮੁੱਦਈ ਪਾਰਟੀ ਨੂੰ ਝਾਂਸੇ ਵਿੱਚ ਲੈ ਕੇ ਲੱਖਾਂ ਠੱਗੇ ਪਰ ਹੁਣ ਤੱਕ ਵਿਦੇਸ਼ ਨਹੀਂ ਭੇਜਿਆ। ਰਜਿਸਟ੍ਰੇਸ਼ਨ ਏਜੰਟਾਂ ਦੀ ਗੱਲ ਕਰੀਏ ਤਾਂ ਫ਼ਿਰੋਜ਼ਪੁਰ ਵਿੱਚ ਹੁਣ ਤੱਕ ਦੋ ਹੀ ਟਰੈਵਲ ਏਜੰਟ ਰਜਿਸਟਰਡ ਹਨ। ਤਕਰੀਬਨ 50 ਤੋਂ ਜ਼ਿਆਦਾ ਫ਼ਿਰੋਜ਼ਪੁਰ ਵਿੱਚ ਹੱਟੀਆਂ ਖੋਲ ਕੇ ਬੈਠੇ ਆਪਣੇ ਆਪ ਨੂੰ ਏਜੰਟ ਅਖਵਾਉਣ ਵਲੇ ਜਾਅਲੀ ਟਰੈਵਲ ਏਜੰਟ ਹਨ। ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਲਾਇਸੰਸ ਹੈ ਅਤੇ ਨਾ ਹੀ ਕਿਸੇ ਦਾ ਆਗਿਆ ਪੱਤਰ ਕਿ ਉਹ ਆਪਣਾ ਏਜੰਟੀ ਦਾ ਦਫ਼ਤਰ ਚਲਾ ਸਕਣ।

ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲੋਂ ਜ਼ਿਲ੍ਹੇ ਵਿੱਚ ਟਰੈਵਲ ਏਜੰਟਸ, ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ, ਕੰਨਸਲਟੈਂਸੀਜ, ਟਿਕਟਿੰਗ ਏਜੰਟ ਅਤੇ ਜਨਰਲ ਸੇਲਜ਼ ਏਜੰਟ ਦਾ ਕੰਮ ਕਰਨ ਵਾਲਿਆਂ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਜਿਨ੍ਹਾਂ ਇੰਸਟੀਚਿਊਟਸ, ਏਜੰਟਸ ਵੱਲੋਂ ਹਾਲੇ ਤੱਕ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ, ਉਹ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾ ਲੈਣ। ਰਜਿਸਟਰੇਸ਼ਨ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਕਾਨੂੰਨ ਵਿਦੇਸ਼ ਜਾਣ ਦੇ ਨਾਮ 'ਤੇ ਹੋਣ ਵਾਲੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਗਿਆ ਸੀ। ਡੀਸੀ ਨੇ ਮੰਨਿਆ ਕਿ ਜ਼ਿਲ੍ਹੇ ਅੰਦਰ ਦੋ ਹੀ ਟਰੈਵਲ ਏਜੰਟ ਰਜਿਸਟਰਡ ਹਨ।

ਵੇਖਿਆ ਜਾਵੇ ਤਾਂ ਡੀਸੀ ਫ਼ਿਰੋਜ਼ਪੁਰ ਵੱਲੋਂ ਇਸ ਸਬੰਧੀ ਪਹਿਲੋਂ ਵੀ ਅਜਿਹੇ ਪ੍ਰੈੱਸ ਬਿਆਨ ਜਾਰੀ ਕਰਕੇ ਗੈਰ ਕਾਨੂੰਨੀ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਕਰਨ ਲਈ ਦਾਅਵਾ ਕੀਤਾ ਜਾਂਦਾ ਹੈ, ਪਰ..!! ਦੁੱਖ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਵੀ ਗੈਰ ਕਾਨੂੰਨੀ ਟਰੈਵਲ ਏਜੰਟ ਖਿਲਾਫ਼ ਕਾਰਵਾਈ ਨਹੀਂ ਹੋਈ। ਸੋ ਦੋਸਤੋਂ, ਵਿਦੇਸ਼ ਜਾਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਚਾਹੀਦਾ ਹੈ ਕਿ ਜਿਹੜੇ ਏਜੰਟ ਦੇ ਜਰੀਏ ਉਹ ਵਿਦੇਸ਼ ਦੀ ਧਰਤੀ 'ਤੇ ਪੈਰ ਧਰਨ ਜਾ ਰਹੇ ਹਨ, ਪਹਿਲੋਂ ਉਸ ਬਾਰੇ ਪਤਾ ਕੀਤਾ ਜਾਵੇ ਕਿ ਉਹ ਰਜਿਸਟਰਡ ਹੈ ਵੀ ਕਿ ਨਹੀਂ। ਜੇਕਰ ਉਕਤ ਟਰੈਵਲ ਏਜੰਟ ਰਜਿਸਟਰਡ ਨਹੀਂ ਤਾਂ ਉਸ ਦੇ ਕੋਲ ਆਪਣੇ ਪੈਸੇ ਫਸਾਉਣ ਨਾਲੋਂ ਚੰਗਾ ਹੈ ਕਿ ਇੱਥੇ ਹੀ ਕੋਈ ਬਿਜਨਸ ਖੋਲ ਲਿਆ ਜਾਵੇ ਜਾਂ ਫਿਰ ਦੂਜੇ ਜ਼ਿਲ੍ਹਿਆਂ ਵਿੱਚ ਜਾ ਕੇ ਰਜਿਸਟਰਡ ਏਜੰਟਾਂ ਨਾਲ ਸੰਪਰਕ ਕਰਕੇ ਵਿਦੇਸ਼ ਜਾਇਆ ਜਾਵੇ ਤਾਂ ਜੋ ਅਜਿਹੇ ਧੋਖੇ ਤੋਂ ਬਚਿਆ ਜਾ ਸਕੇ। ਵੇਖਿਆ ਜਾਵੇ ਤਾਂ ਅਣਪੜ੍ਹਾਂ ਤੋਂ ਇਲਾਵਾ ਪੜੇ ਲਿਖੇ ਵੀ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।