ਪੀੜ੍ਹਤ ਪਰਿਵਾਰਾਂ ਨਾਲ ਇਨਸਾਫ ਹੋ ਕੇ ਰਹੇਗਾ : ਹਰਿੰਦਰਪਾਲ ਸਿੰਘ ਚੰਦੂਮਾਜਰਾ

Last Updated: Aug 11 2018 12:16

ਸਨੌਰ ਵਿੱਚ ਪੁਲਿਸ ਵੱਲੋਂ ਨੌਜਵਾਨਾਂ ਉੱਪਰ ਕੀਤੇ ਗਏ ਅੱਤਿਆਚਾਰ ਦੀ ਇਸ ਵਕਤ ਪੂਰੇ ਪੰਜਾਬ ਵਿੱਚ ਨਿੰਦਾ ਹੋ ਰਹੀ ਹੈ। ਭਾਵੇਂ ਕਿ ਸਬੰਧਤ ਦੋਸ਼ੀ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਲੋਕੀ ਹਾਲੇ ਵੀ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਆਉਣ ਦਾ ਦਾਅਵਾ ਕਰਨ ਵਾਲੇ ਹਲਕਾ ਸਨੌਰ ਦੇ ਵਿਧਾਇਕ ਦਾ ਕਹਿਣਾ ਹੈ ਕਿ ਪੀੜ੍ਹਤ ਪਰਿਵਾਰਾਂ ਨਾਲ ਇਨਸਾਫ਼ ਹੋ ਕੇ ਰਹੇਗਾ ਅਤੇ ਇਹ ਉਨ੍ਹਾਂ ਦਾ ਦ੍ਰਿੜ ਇਰਾਦਾ ਹੈ ਜਿਸਨੂੰ ਕੋਈ ਵੀ ਨਹੀਂ ਬਦਲ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਸਨੌਰ ਦੇ ਵਿਧਾਇਕ ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੀੜ੍ਹਤਾਂ ਨੂੰ ਇਨਸਾਫ਼ ਦੇਣ ਲਈ ਹੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਉਹ ਫਿਲਹਾਲ ਸਰਕਾਰ ਖ਼ਿਲਾਫ਼ ਨਹੀਂ ਖੜੇ ਹੋ ਰਹੇ ਪਰ ਜੇਕਰ ਪੁਲਿਸ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਚਲਾਕੀ ਕੀਤੀ ਤਾਂ ਉਹ ਪੀੜ੍ਹਤਾਂ ਲਈ ਢਾਲ ਬਣਨ ਨੂੰ ਬਿਲਕੁਲ ਤਿਆਰ ਬੈਠੇ ਹਨ। ਉਨ੍ਹਾਂ ਦੱਸਿਆ ਕਿ ਡੀਸੀ ਕੁਮਾਰ ਅਮਿਤ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕਿਸੇ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਸਨੌਰ ਦੇ ਨੌਜਵਾਨਾਂ ਦੇ ਹੱਕ ਲਈ ਬੋਲਣ ਲਈ ਉਨ੍ਹਾਂ ਨੇ ਹਰੇਕ ਪਾਰਟੀ ਦੇ ਨੇਤਾ ਦਾ ਧੰਨਵਾਦ ਕੀਤਾ।