ਪੰਚਾਇਤੀ ਜਮੀਨ ਤੇ ਕਬਜਾ ਕਰਨ ਵਾਲੇ ਮਜ਼ਦੂਰਾਂ ਤੇ ਮਾਮਲੇ ਦਰਜ

Last Updated: Aug 11 2018 12:18

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਪੰਚਾਇਤੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਵਾਲੇ ਮਜ਼ਦੂਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪੰਚਾਇਤ ਅਫ਼ਸਰ ਅਰੁਣ ਕੁਮਾਰ ਦੇ ਅਨੁਸਾਰ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਦੇ ਆਦੇਸ਼ਾਂ ਦੇ ਆਧਾਰ ਤੇ ਮਜ਼ਦੂਰ ਨੇਤਾਵਾਂ ਦੇ ਖ਼ਿਲਾਫ਼ ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮੌੜ, ਮਦਰੱਸਾ ਅਤੇ ਬੱਲਮਗੜ ਦੀ ਪੰਚਾਇਤੀ ਜਮੀਨ ਤੇ ਕਬਜਾ ਕਰਨ ਅਤੇ ਨਜਾਇਜ਼ ਉਸਾਰੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਪੁਲਿਸ ਨੇ ਬੀ.ਡੀ.ਪੀ.ਓ. ਸੁਖਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਅੱਧੇ ਦਰਜਨ ਤੋਂ ਵੱਧ ਮਜ਼ਦੂਰ ਨੇਤਾਵਾਂ ਤੇ ਮਾਮਲੇ ਦਰਜ ਕੀਤੇ ਹਨ। ਦੱਸਣਯੋਗ ਹੈ ਕਿ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਕਰਦੇ ਹੋਏ ਇਹਨਾਂ ਮਜ਼ਦੂਰਾਂ ਨੇ ਪਹਿਲਾਂ ਪਿੰਡ ਮੌੜ, ਫਿਰ ਪਿੰਡ ਮਦਰੱਸਾ ਅਤੇ ਬਾਅਦ ਵਿੱਚ ਪਿੰਡ ਬੱਲਮਗੜ ਦੀ ਪੰਚਾਇਤੀ ਜਮੀਨ ਤੇ ਨਜਾਇਜ਼ ਕਬਜਾ ਕੀਤਾ ਸੀ। ਇਸਦੇ ਬਾਅਦ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਮਜ਼ਦੂਰਾਂ ਨੇ ਤਿੰਨ ਦਿਨ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ। ਫ਼ਿਲਹਾਲ ਇਸ ਮਾਮਲੇ ਵਿੱਚ ਮਜ਼ਦੂਰ ਆਗੂਆਂ ਦੇ ਵੱਲੋਂ ਇਹਨਾਂ ਕੇਸਾਂ ਅਤੇ ਆਪਣੀਆਂ ਮੰਗਾਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।