ਕਿਰਚ ਦੀ ਨੋਕ ਨੇ ਹਾਕਰ ਤੋਂ ਅਣਪਛਾਤੇ ਵਿਅਕਤੀਆਂ ਨੇ ਖੋਹੀ ਨਗਦੀ ਅਤੇ ਮੋਬਾਈਲ ਫ਼ੋਨ

Last Updated: Aug 11 2018 12:23

ਲੋਕਾਂ ਦੇ ਘਰਾਂ 'ਚ ਅਖ਼ਬਾਰ ਸਪਲਾਈ ਕਰਨ ਜਾ ਰਹੇ ਸਾਈਕਲ ਸਵਾਰ ਨਿਊਜ਼ ਏਜੰਸੀ ਦੇ ਹਾਕਰ ਨੂੰ ਰਸਤੇ 'ਚ ਘੇਰ ਕੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਕਿਰਚ ਦੀ ਨੋਕ ਤੇ ਉਸ ਪਾਸੋਂ ਮੋਬਾਈਲ ਫ਼ੋਨ ਤੇ ਨਗਦੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਹਾਕਰ ਨੇ ਬਾਅਦ 'ਚ ਘਟਨਾ ਸਬੰਧੀ ਥਾਣਾ ਸੁਧਾਰ ਪੁਲਿਸ ਨੂੰ ਸੂਚਨਾ ਦਿੱਤੀ। ਬਾਅਦ 'ਚ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਕਰ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਿਕ ਨਜ਼ਦੀਕੀ ਪਿੰਡ ਮੋਹੀ ਦੇ ਰਹਿਣ ਵਾਲੇ ਨਿਊਜ਼ ਹਾਕਰ ਨਵਤੇਜ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਦੱਸਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਪੰਜ ਵਜੇ ਉਹ ਆਪਣੇ ਘਰ ਤੋਂ ਸਾਈਕਲ ਤੇ ਸਵਾਰ ਹੋ ਕੇ ਸੁਧਾਰ ਸਥਿਤ ਨਿਊਜ਼ ਏਜੰਸੀ ਤੋਂ ਲੋਕਾਂ ਨੂੰ ਸਪਲਾਈ ਕਰਨ ਲਈ ਅਖ਼ਬਾਰ ਚੁੱਕਣ ਜਾ ਰਿਹਾ ਸੀ। ਜਦੋਂ ਉਹ ਰਸਤੇ 'ਚ ਪੈਂਦੇ ਪਿੰਡ ਘੁਮਾਣ ਦੇ ਸ਼ਮਸ਼ਾਨਘਾਟ ਕੋਲ ਪਹੁੰਚਿਆ ਤਾਂ ਪਿੱਛੋਂ ਆਏ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਸ ਨੂੰ ਰਸਤੇ 'ਚ ਘੇਰ ਲਿਆ।

ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਦੱਸੇ ਜਾਣ ਦੇ ਮੁਤਾਬਿਕ ਬਾਅਦ 'ਚ ਬਾਈਕ ਸਵਾਰ ਵਿਅਕਤੀਆਂ ਨੇ ਤੇਜ਼ਧਾਰ ਕਿਰਚ ਅਤੇ ਲੋਹੇ ਦੀ ਰਾੜ ਮਾਰਨ ਦੀ ਧਮਕੀ ਦੇ ਕੇ ਉਸ ਦੇ ਕੋਲੋਂ ਮੋਬਾਈਲ ਫ਼ੋਨ ਅਤੇ 110 ਰੁਪਏ ਨਗਦੀ ਖੋਹ ਲਈ ਅਤੇ ਮੌਕੇ ਤੋਂ ਪਿੰਡ ਮੋਹੀ ਵੱਲ ਨੂੰ ਫ਼ਰਾਰ ਹੋ ਗਏ। ਇਸ ਦੇ ਬਾਅਦ ਉਸ ਨੇ ਨਿਊਜ਼ ਏਜੰਸੀ ਪਹੁੰਚ ਕੇ ਜਾਣਕਾਰੀ ਦਿੱਤੀ ਅਤੇ ਬਾਅਦ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਦੂਜੇ ਪਾਸੇ ਥਾਣਾ ਸੁਧਾਰ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਣਪਛਾਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਸਬੰਧੀ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਚੈੱਕ ਕੀਤਾ ਜਾ ਰਿਹਾ ਹੈ।