ਬਜ਼ੁਰਗ ਨੇ ਟਰੇਨ ਥੱਲੇ ਆ ਕੇ ਕੀਤੀ ਖ਼ੁਦਕੁਸ਼ੀ, ਜੀਆਰਪੀ ਨੇ ਸ਼ੁਰੂ ਕੀਤੀ ਜਾਂਚ

Last Updated: Aug 11 2018 12:06

ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਤੇ ਪੈਂਦੇ ਨਜ਼ਦੀਕੀ ਪਿੰਡ ਜੱਸੀਆਂ ਕੋਲ ਛੱਤੀਸਗੜ ਐਕਸਪ੍ਰੈਸ ਟਰੇਨ ਥੱਲੇ ਆ ਕੇ ਇੱਕ ਬਜ਼ੁਰਗ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਤੌਰ ਤੇ ਬਜ਼ੁਰਗ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਉਸਦੇ ਕੋਲੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਬਰਾਮਦ ਹੋਇਆ ਹੈ। ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਸ਼ਿਵ ਸ਼ੰਕਰ (78) ਵਾਸੀ ਨਿਊ ਜਨਕਪੁਰੀ, ਸਲੇਮਟਾਬਰੀ ਲੁਧਿਆਣਾ ਵਜੋਂ ਹੋਈ ਹੈ। ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਜੀਆਰਪੀ ਮੁਲਾਜ਼ਮਾਂ ਨੇ ਮੌਕਾ ਮੁਆਇਨਾ ਕਰਨ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

ਇਸ ਸਬੰਧੀ ਰੇਲਵੇ ਪੁਲਿਸ ਥਾਣਾ ਦੇ ਐਸ.ਐਚ.ਓ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੇਲਵੇ ਸਟੇਸ਼ਨ ਮਾਸਟਰ ਨੇ ਜੀਆਰਪੀ ਨੂੰ ਸੂਚਨਾ ਦਿੱਤੀ ਸੀ ਕਿ ਨਜ਼ਦੀਕੀ ਪਿੰਡ ਜੱਸੀਆਂ ਕੋਲ ਰੇਲਵੇ ਟਰੈਕ ਤੇ ਟਰੇਨ ਥੱਲੇ ਆ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੁਰੀ ਤਰ੍ਹਾਂ ਕੁਚਲੇ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਅਤੇ ਟਰੇਨ ਸਟਾਫ਼ ਵੱਲੋਂ ਦੱਸੇ ਜਾਣ ਮੁਤਾਬਕ ਮ੍ਰਿਤਕ ਨੇ ਟਰੇਨ ਥੱਲੇ ਆ ਕੇ ਖ਼ੁਦਕੁਸ਼ੀ ਕੀਤੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੇ ਪਹਿਨੇ ਕੱਪੜਿਆਂ ਦੀ ਤਲਾਸ਼ੀ ਲੈਣ ਬਾਅਦ ਮਿਲੇ ਕਾਗਜਾਤਾਂ ਦੀ ਜਾਂਚ ਕਰਨ ਤੇ ਉਸਦੀ ਪਹਿਚਾਣ ਸ਼ਿਵ ਸ਼ੰਕਰ (78) ਵਾਸੀ ਨਿਊ ਜਨਕਪੁਰੀ ਸਲੇਮਟਾਬਰੀ, ਲੁਧਿਆਣਾ ਦੇ ਤੌਰ ਤੇ ਹੋਈ ਹੈ। ਬਾਅਦ 'ਚ ਘਟਨਾ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਬਜ਼ੁਰਗ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ, ਇਸੇ ਦਿਮਾਗੀ ਪਰੇਸ਼ਾਨੀ ਦੇ ਕਾਰਨ ਹੀ ਉਸਨੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਬਾਅਦ ਹਸਪਤਾਲ ਤੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਜੀਆਰਪੀ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।