ਸਰਕਾਰੀ ਦੁਕਾਨ ਤੇ ਕਾਬਜ਼ ਹੋਣ ਲਈ ਦੋ ਧਿਰਾਂ ਵਿੱਚ ਹੋਇਆ ਤਕਰਾਰ

Last Updated: Aug 10 2018 19:29

ਅੱਜ ਬੱਸ ਸਟੈਂਡ ਬਟਾਲਾ ਦੇ ਬਿਲਕੁਲ ਸਾਹਮਣੇ ਪੰਚਾਇਤ ਸੰਮਤੀ ਬਟਾਲਾ ਦੀ ਇੱਕ ਦੁਕਾਨ ਤੇ ਕਾਬਜ਼ ਹੋਣ ਲਈ ਦੋ ਧਿਰਾਂ ਵਿੱਚ ਭਾਰੀ ਤਕਰਾਰ ਹੋ ਗਿਆ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਪੁਲਿਸ ਦੇ ਦਖਲ ਤੋਂ ਬਾਅਦ ਭਾਰੀ ਟਕਰਾਅ ਹੋਣ ਤੋਂ ਬਚ ਗਿਆ। ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀ ਬਟਾਲਾ ਦੀਆਂ ਬੀ.ਡੀ.ਓ. ਦਫਤਰ ਦੇ ਬਾਹਰ ਬਣੀਆਂ 6-7 ਦੁਕਾਨਾਂ ਤੋਂ ਇਲਾਵਾ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ਤੇ ਦੁਕਾਨਾਂ ਅਤੇ ਹੋਰ ਵੀ ਕਾਫੀ ਪ੍ਰਾਪਰਟੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਪੰਚਾਇਤ ਸੰਮਤੀ ਦੀਆਂ ਦੁਕਾਨਾਂ ਕਿਰਾਏ ਤੇ ਲੈਣ ਵਾਲੇ ਕਈ ਕਿਰਾਏਦਾਰਾਂ ਵੱਲੋਂ ਪਿਛਲੇ ਕਈ-ਕਈ ਮਹੀਨਿਆਂ ਤੋਂ ਦੁਕਾਨਾਂ ਦਾ ਕਿਰਾਇਆ ਜਮਾਂ ਨਹੀਂ ਕਰਵਾਇਆ ਗਿਆ, ਜਿਸ ਕਰਕੇ ਸਰਕਾਰ ਦੇ ਲੱਖਾਂ ਰੁਪਏ ਲੋਕਾਂ ਵੱਲੋਂ ਦੱਬੇ ਪਏ ਹਨ।

ਅੱਜ ਦੇ ਇਸ ਮਾਮਲੇ ਵਿੱਚ ਇਹ ਵੇਖਣ ਵਿੱਚ ਆਇਆ ਕਿ ਅਸ਼ਵਨੀ ਕੁਮਾਰ ਨਾਂਅ ਦੇ ਇੱਕ ਵਿਅਕਤੀ ਨੇ ਉਕਤ ਦੁਕਾਨ ਬੀ.ਡੀ.ਓ. ਦਫਤਰ ਬਟਾਲਾ ਸੰਨ 2009 ਤੋਂ ਕਿਰਾਏ ਲਈ ਸੀ, ਜੋ ਉਸਨੇ ਲਗਭਗ ਚਾਰ ਸਾਲ ਪਹਿਲਾਂ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਅੱਗੇ ਕਿਰਾਏ ਤੇ ਦਿੱਤੀ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਦੁਕਾਨ ਦਾ ਕਿਰਾਇਆ ਵੀ 4 ਲੱਖ ਰੁਪਏ ਬਣਿਆ ਹੋਇਆ ਸੀ, ਜਿਸ ਵਿੱਚੋਂ 1 ਲੱਖ ਰੁਪਏ ਅਸ਼ਵਨੀ ਕੁਮਾਰ ਵੱਲੋਂ ਅੱਜ ਹੀ ਜਮਾਂ ਕਰਵਾਏ ਗਏ ਸਨ। ਮੌਜੂਦਾ ਸਮੇਂ ਉਕਤ ਦੁਕਾਨ ਵਿੱਚ ਸਾਹਿਲ ਗਾਰਮੈਂਟਸ ਦੇ ਨਾਮ ਤੇ ਰੈਡੀਮੇਡ ਦਾ ਕੰਮ ਕਰਨ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੁਕਾਨ ਉਸ ਨੇ ਪਿਛਲੇ ਚਾਰ ਸਾਲਾਂ ਤੋਂ ਅਸ਼ਵਨੀ ਕੁਮਾਰ ਤੋਂ ਕਿਰਾਏ ਤੇ ਲਈ ਹੋਈ ਹੈ ਅਤੇ ਹੁਣ ਤੱਕ ਉਹ 4 ਲੱਖ ਦੇ ਕਰੀਬ ਇਸ ਦੁਕਾਨ ਦਾ ਕਿਰਾਇਆ ਅਸ਼ਵਨੀ ਕੁਮਾਰ ਨੂੰ ਦੇ ਚੁੱਕਾ ਹੈ। 

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ 9 ਵਜੇ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਅੱਜ ਸਵੇਰੇ ਜਦ ਦੁਕਾਨ ਤੇ ਪਹੁੰਚਿਆ ਤਾਂ ਵੇਖਿਆ ਕਿ ਅਸ਼ਵਨੀ ਕੁਮਾਰ ਨਾਲ ਆਏ ਉਸਦੇ ਪਰਿਵਾਰਿਕ ਮੈਂਬਰਾਂ ਅਤੇ ਕੁਝ ਹੋਰ ਲੋਕਾਂ ਨੇ ਦੁਕਾਨ ਤੋਂ ਉਸਦੇ ਲਗਾਏ ਤਾਲੇ ਵੱਢ ਕੇ ਆਪਣੇ ਨਵੇਂ ਤਾਲੇ ਲਗਾਏ ਹੋਏ ਸਨ ਅਤੇ ਉਸਦੀ ਦੁਕਾਨ ਦਾ ਬੋਰਡ ਵੀ ਉਖਾੜ ਕੇ ਛੱਤ ਤੇ ਸੁੱਟਿਆ ਹੋਇਆ ਸੀ। ਜਦ ਇਸ ਮਸਲੇ ਸਬੰਧੀ ਬੀ.ਡੀ.ਓ. ਬਟਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨ ਅਸ਼ਵਨੀ ਕੁਮਾਰ ਨੂੰ ਅਲਾਟ ਕੀਤੀ ਗਈ ਸੀ, ਪਰ ਉਸ ਵੱਲੋਂ ਅੱਗੋਂ ਕਿਸੇ ਹੋਰ ਨੂੰ ਕਿਰਾਏ ਤੇ ਦੇਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਸਰਕਾਰੀ ਦੁਕਾਨ ਕੋਈ ਆਪਣੀ ਮਰਜ਼ੀ ਨਾਲ ਅੱਗੇ ਕਿਰਾਏ ਤੇ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।