..ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜੀਆਰਪੀ ਅਤੇ ਆਰਪੀਐਫ ਨੇ ਕੀਤੇ ਸੁਰੱਖਿਆ ਪ੍ਰਬੰਧ ਮਜ਼ਬੂਤ...!!!(ਨਿਊਜ਼ਨੰਬਰ ਖਾਸ ਖਬਰ)

Last Updated: Aug 10 2018 18:43
Reading time: 2 mins, 44 secs

ਸੁਤੰਤਰਤਾ ਦਿਵਸ ਦੇ ਨਜ਼ਦੀਕ ਆਉਣ ਦੇ ਨਾਲ-ਨਾਲ ਜੀਆਰਪੀ ਅਤੇ ਆਰਪੀਐਫ ਵੱਲੋਂ ਟ੍ਰੇਨਾਂ 'ਚ ਸਫਰ ਕਰਨ ਵਾਲੇ ਰੇਲ ਮੁਸਾਫਰਾਂ ਤੇ ਉਨ੍ਹਾਂ ਦੇ ਸਾਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਪਰਾਧਕ ਕਿਸਮ ਦੇ ਵਿਅਕਤੀਆਂ ਦੀ ਧਰਪਕੜ ਕਰਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖਤ ਕਰਕੇ ਸੂਬੇ ਦੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਸਥਾਨਕ ਰੇਲਵੇ ਸਟੇਸ਼ਨ ਤੇ ਗੌਰਮਿੰਟ ਰੇਲਵੇ ਪੁਲਿਸ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਸਾਂਝੇ ਤੌਰ ਤੇ ਰੇਲਗੱਡੀਆਂ ਅਤੇ ਮੁਸਾਫਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਰੇਲਵੇ ਸਟੇਸ਼ਨ ਕੰਪਲੈਕਸ ਦਾ ਚੱਪਾ-ਚੱਪਾ ਖੰਗਾਲਿਆ ਗਿਆ। ਹਾਲਾਂਕਿ, ਚੈਕਿੰਗ ਮੁਹਿੰਮ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵਿਅਕਤੀ ਦੇ ਕਬਜ਼ੇ 'ਚੋਂ ਕੋਈ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋ ਸਕਿਆ ਹੈ।

ਜੀਆਰਪੀ ਥਾਣਾ ਸਰਹਿੰਦ ਦੇ ਐਸਐਚਓ ਸੁਖਵਿੰਦਰ ਸਿੰਘ ਦੀ ਅਗਵਾਈ 'ਚ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਸਟੇਸ਼ਨ ਤੇ ਰੁਕਣ ਵਾਲੀਆਂ ਅੱਪ ਅਤੇ ਡਾਊਨ ਟਰੈਕ ਦੀਆਂ ਟ੍ਰੇਨਾਂ 'ਚ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਗਈ। ਇਸਦੇ ਨਾਲ ਹੀ ਪਲੇਟਫਾਰਮ ਤੇ ਬੈਠੇ ਮੁਸਾਫਰਾਂ ਤੋਂ ਇਲਾਵਾ ਰੇਲਵੇ ਸਟੇਸ਼ਨ ਕੰਪਲੈਕਸ 'ਚ ਬਾਰੀਕੀ ਨਾਲ ਸਰਚ ਕੀਤੀ ਗਈ। ਜੀਆਰਪੀ ਅਤੇ ਆਰਪੀਐਫ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੇਨਾਂ ਦੇ ਅੰਦਰ ਸਫਰ ਕਰਨ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਮੈਟਲ ਡਿਟੈਕਟਰਾਂ ਦੇ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਵੇਟਿੰਗ ਹਾਲ, ਪਲੇਟਫਾਰਮ 'ਚ ਬੈਠੇ ਮੁਸਾਫਰਾਂ, ਮੁਸਾਫਰਖਾਨਾ, ਮਾਲ ਗੋਦਾਮ, ਸਾਈਕਲ ਸਟੈਂਡ ਆਦਿ ਇਲਾਕਿਆਂ 'ਚ ਸ਼ੱਕੀ ਸਾਮਾਨ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸਦੇ ਨਾਲ ਹੀ ਟ੍ਰੇਨਾਂ 'ਚੋਂ ਉਤਰ ਕੇ ਆਏ ਰੇਲ ਯਾਤਰੀਆਂ ਦੇ ਬੈਗਾਂ ਅਤੇ ਸਾਮਾਨ ਆਦਿ ਦੀ ਵੀ ਤਲਾਸ਼ੀ ਲਈ ਗਈ।

ਇਸ ਮੌਕੇ ਜੀਆਰਪੀ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਰੇਲਵੇ, ਪੰਜਾਬ ਰੋਹਿਤ ਚੌਧਰੀ ਅਤੇ ਏਆਈਜੀ ਰੇਲਵੇ ਪਟਿਆਲਾ ਦਲਜੀਤ ਸਿੰਘ ਰਾਣਾ ਵੱਲੋਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਟ੍ਰੇਨਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧੀ ਦੇ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਸਬੰਧੀ ਜੀਆਰਪੀ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਚੈਕਿੰਗ ਅਭਿਆਨ ਦੀ ਕੜੀ ਦੇ ਅਧੀਨ ਖੰਨਾ ਰੇਲਵੇ ਸਟੇਸ਼ਨ ਤੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਅਭਿਆਨ ਦਾ ਉਦੇਸ਼ ਹੈ ਕਿ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਰੇਲ ਯਾਤਰੀਆਂ ਅਤੇ ਰੇਲਵੇ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਇਆ ਜਾ ਸਕੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਰੇਲ ਮੁਸਾਫਰਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਜੀਆਰਪੀ ਅਤੇ ਆਰਪੀਐਫ ਵੱਲੋਂ ਮੁਲਾਜ਼ਮਾਂ ਕਿਸੇ ਵੀ ਅਪਰਾਧਕ ਵਾਰਦਾਤ ਅਤੇ ਅਣਹੋਣੀ ਘਟਨਾ ਨੂੰ ਰੋਕਣ ਲਈ ਇਲਾਕੇ ਦੇ ਰੇਲਵੇ ਸਟੇਸ਼ਨ ਤੇ ਲਗਾਤਾਰ ਚੈਕਿੰਗ ਜਾਰੀ ਹੈ। ਚੈਕਿੰਗ ਦੌਰਾਨ ਖੰਨਾ ਸਟੇਸ਼ਨ ਤੇ ਰੁਕਣ ਵਾਲੀ ਪਸ਼ਚਿਮ ਐਕਸਪ੍ਰੈਸ, ਅੱਪ ਅਤੇ ਡਾਊਨ ਪੈਸੰਜ਼ਰ ਟ੍ਰੇਨ, ਸੱਚਖੰਡ ਐਕਸਪ੍ਰੈਸ ਆਦਿ ਤੋਂ ਇਲਾਵਾ ਹੋਰ ਟ੍ਰੇਨਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਜਾਂਚ ਦੌਰਾਨ ਕਿਸੇ ਵਿਅਕਤੀ ਦੇ ਕਬਜ਼ੇ 'ਚੋਂ ਕੋਈ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ ਹੈ।

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਖੰਨਾ ਚੌਂਕੀ ਦੇ ਇੰਚਾਰਜ਼ ਸਬ ਇੰਸਪੈਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਟ੍ਰੇਨ ਯਾਤਰੀਆਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਸਟੇਸ਼ਨ ਤੇ ਰੁਕਣ ਵਾਲੀਆਂ ਟ੍ਰੇਨਾਂ ਦੀ ਦਿਨ-ਰਾਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਅੰਦਰ ਡਰ ਬਣਿਆ ਰਹੇ। ਇਸ ਤੋਂ ਇਲਾਵਾ ਰੇਲਵੇ ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਰੇਲਵੇ ਸਟੇਸ਼ਨ ਦੇ ਇਲਾਕੇ 'ਚ ਕਿਸੇ ਪ੍ਰਕਾਰ ਦੀ ਕੋਈ ਚੈਨ ਜਾਂ ਪਰਸ ਵਗੈਰਾ ਦੀ ਸਨੈਚਿੰਗ ਅਤੇ ਕੋਈ ਸਾਮਾਨ ਚੋਰੀ ਹੋਣ ਦੀ ਘਟਨਾ ਨਾ ਵਾਪਰ ਸਕੇ।

ਇਸ ਮੌਕੇ ਤੇ ਰੇਲਵੇ ਪੁਲਿਸ ਚੌਂਕੀ 'ਚ ਤਾਇਨਾਤ ਏਐਸਆਈ ਕੁਲਵੰਤ ਸਿੰਘ, ਏਐਸਆਈ ਦੀਦਾਰ ਸਿੰਘ, ਹੌਲਦਾਰ ਬਲਦੇਵ ਸਿੰਘ ਚੌਹਾਨ, ਤੇਜਿੰਦਰ ਸਿੰਘ ਬਗਲੀ, ਆਰਪੀਐਫ ਦੇ ਕਾਂਸਟੇਬਲ ਆਤਮਪ੍ਰਕਾਸ ਸਿੰਘ, ਹਰਵਿੰਦਰ ਸਿੰਘ, ਪੀਐਚਜੀ ਪ੍ਰਵੀਨ ਕੁਮਾਰ, ਧਰਮਜੀਤ ਸਿੰਘ, ਨਿਰਮਲ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਮੌਜੂਦ ਸਨ।