ਹੁਣ ਤੰਬਾਕੂ ਦੀ ਆਦਤ ਛੁਡਾਉਣ ਵਿੱਚ ਮਦਦ ਕਰੇਗੀ ਨਿਕੋਟੀਨ ਚਿਊਂਗਮ ਤੇ ਪੈਚਿਸ

Last Updated: Aug 10 2018 18:36

ਤੰਬਾਕੂ ਚਬਾਉਣਾ ਤੇ ਸਿਗਰਟਨੋਸ਼ੀ ਅੱਜ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਸਹੀ ਇਲਾਜ ਦੇ ਨਾਲ ਨਾਲ ਪੀੜਤ ਵਿੱਚ ਇਸ ਲਤ ਨੂੰ ਛੱਡਣ ਦੀ ਇੱਛਾ ਸ਼ਕਤੀ ਨੂੰ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੰਦਾਂ ਦੇ ਵਿਭਾਗ ਵਿੱਚ ਸ਼ੁਰੂ ਕੀਤੇ ਗਏ ਤੰਬਾਕੂ ਛਡਾਊ ਅਤੇ ਸਲਾਹ ਕੇਂਦਰ ਦੇ ਰਸਮੀ ਤੌਰ ਤੇ ਉਦਘਾਟਨ ਕਰਨ ਮੌਕੇ ਕਹੇ।

ਉਨ੍ਹਾਂ  ਕਿਹਾ ਕਿ ਤੰਬਾਕੂ ਅਤੇ ਸਿਗਰਟਨੋਸ਼ੀ ਦੀ ਆਦਤ ਮੂੰਹ, ਫੇਫੜਿਆਂ, ਗਲੇ ਅਤੇ ਪੇਟ ਦੇ ਕੈਂਸਰ ਦਾ ਕਾਰਨ ਬਣਦੀ ਹੈ। ਇਸ ਦੇ ਨੁਕਸਾਨਾਂ ਤੋਂ ਵਾਕਿਫ ਹੋਣ ਤੋਂ ਬਾਅਦ ਵੀ ਇਹ ਆਦਤ ਨਾ ਛੱਡਣ ਦਾ ਕਾਰਨ ਪੀੜਤ ਨੂੰ ਸਮੇਂ ਸਿਰ ਸਹੀ ਇਲਾਜ ਤੇ ਸਕਾਰਾਤਮਿਕ ਦਿਸ਼ਾ ਨਾ ਮਿਲਣਾ ਹੈ। ਡਾ.ਬਲਵੰਤ ਸਿੰਘ ਨੇ ਕਿਹਾ ਕਿ ਡੈਂਟਲ ਵਿਭਾਗ ਵਿਖੇ ਖੁੱਲ੍ਹਿਆ ਉਕਤ ਸੈਂਟਰ ਉਨ੍ਹਾਂ ਲੋਕਾਂ ਲਈ ਵਰਦਾਨ ਸਿੱਧ ਹੋਏਗਾ ਜੋ ਇਸ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। 

ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਤੰਬਾਕੂਨੋਸ਼ੀ ਕਿਸੇ ਵੀ ਰੂਪ ਵਿੱਚ ਬੁਰੀ ਹੈ। ਅੱਜ ਦੀ ਨੌਜੁਆਨ ਪੀੜੀ ਦਾ ਸਿਗਰਟਨੋਸ਼ੀ ਤੇ ਹੁੱਕਾ ਬਾਰ ਨੂੰ ਸਟਾਈਲ ਆਈਕਨ ਸਮਝਣਾ ਤੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੂੰ ਇਸ ਲਤ ਤੋਂ ਛੁਟਕਾਰਾ ਦਿਵਾਉਣਾ ਖ਼ਾਸ ਕਰ ਉਨ੍ਹਾਂ ਨੂੰ ਮੋਟੀਵੇਟ ਕਰਨਾ ਸਮੇਂ ਦੀ ਲੋੜ ਹੈ। ਡਾ. ਮੱਲ ਨੇ ਦੱਸਿਆ ਕਿ ਡੈਂਟਲ ਵਿਭਾਗ ਸ਼ੁਰੂ ਤੋਂ ਹੀ ਓਝਲ ਕੈਂਸਰ ਦੀ ਲੋਕਾਂ ਵਿੱਚ ਜਾਗਰੂਕਤਾ ਨੂੰ ਆਪਣਾ ਮਿਸ਼ਨ ਮੰਨਦਾ ਆ ਰਿਹਾ ਹੈ ਤੇ ਭਵਿੱਖ ਵਿੱਚ ਵੀ ਤੰਬਾਕੂ ਛਡਾਊ ਅਤੇ ਸਲਾਹ ਕੇਂਦਰ ਲੋਕਾਂ ਨੂੰ ਤੰਬਾਕੂ ਦੀ ਰਾਹ ਤਿਆਗ ਜ਼ਿੰਦਗੀ ਚੁਣਨ ਲਈ ਪ੍ਰੇਰਨਾ ਦੇਵੇਗਾ। 

ਡਾਕਟਰ ਸੁਰਿੰਦਰ ਮੱਲ ਨੇ ਦੱਸਿਆ ਕਿ ਉਕਤ ਸੈਂਟਰ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਨਿਕੋਟੀਨ ਚਿਊਂਗ ਗਮ ਤੇ ਪੈਚਿਸ ਮੁਫ਼ਤ ਦਿੱਤੇ ਜਾਣਗੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਰੀਟਾ ਬਾਲਾ ਨੇ ਦੱਸਿਆ ਕਿ ਨਿਕੋਟੀਨ ਚਿਊਂਗ ਗਮ ਵਿੱਚ ਸਿਗਰੇਟ ਬੀੜੀ ਦੇ ਮੁਕਾਬਲੇ ਘੱਟ ਮਾਤਰਾ ਵਿੱਚ ਨਿਕੋਟੀਨ ਹੁੰਦਾ ਹੈ ਜਿਹੜੀ ਕਿ ਨਾ ਸਿਰਫ਼ ਪੀੜਤ ਦੀ ਸਿਗਰੇਟ ਪੀਣ ਦੀ ਲੱਤ ਛੁਡਾਉਣ ਵਿੱਚ ਮਦਦ ਕਰਦੀ ਹੈ, ਬਲਕਿ ਸਿਗਰੇਟ ਛੱਡਣ ਦੌਰਾਨ ਜੋ ਦਿੱਕਤਾਂ ਆਉਂਦੀਆਂ ਹਨ ਉਨ੍ਹਾਂ ਨੂੰ ਵੀ ਦੂਰ ਕਰਦੀ ਹੈ। 

ਡਾਕਟਰ ਗੁਰਦੇਵ ਭੱਟੀ ਨੇ ਨਿਕੋਟੀਨ ਪੈਚਿਸ ਬਾਰੇ ਦੱਸਿਆ ਕਿ ਇਹ ਪੀੜਤ ਦੀ ਸਕਿਨ ਤੇ ਲਗਾਇਆ ਜਾਂਦਾ ਹੈ ਤੇ ਇਸ ਵਿੱਚੋਂ ਹੋਲੀ ਹੋਲੀ ਮਾਤਰਾ ਵਿੱਚ ਨਿਕੋਟੀਨ ਰਿਲੀਜ਼ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰੀ ਇਲਾਜ ਤੇ ਘਰੇਲੂ ਮੈਂਬਰਾਂ ਦੇ ਸਹਿਯੋਗ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਇਸ ਲਤ ਤੋਂ ਛੁਟਕਾਰਾ ਪਾਉਣਾ ਸੰਭਵ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੀਟਾ ਬਾਲਾ, ਡਾ. ਮੌਨਿੰਦਰ ਕੌਰ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਜੀਤ ਕੌਰ, ਸ਼ਸ਼ੀ ਬਾਲਾ, ਸੁਪਰਡੈਂਟ ਰਾਮ ਅਵਤਾਰ, ਰਵਿੰਦਰ ਜੱਸਲ ਤੇ ਹੋਰ ਹਾਜ਼ਰ ਸਨ।