ਬੱਚਿਆਂ 'ਚ ਪੇਟ ਦੀ ਬਿਮਾਰੀ ਨੂੰ ਲੈ ਕੇ ਸਿਹਤ ਵਿਭਾਗ ਪੱਬਾਂ ਭਾਰ

Last Updated: Aug 10 2018 18:31

"ਮਿਸ਼ਨ ਤੰਦਰੁਸਤ ਪੰਜਾਬ" ਤਹਿਤ 01 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀ-ਵਾਰਮਿੰਗ ਡੇ) ਮਨਾਇਆ ਗਿਆ। ਜਿਸਦੀ ਸ਼ੁਰੂਆਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਸਰਪਾਲ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਬਾਲਾ ਨੇ ਅਵਲੋਨ ਸੀਨੀਅਰ ਸੈਕੰਡਰੀ ਸਕੂਲ ਅਤੇ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਕੀਤੀ, ਜਿੱਥੇ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਗੋਲੀ ਖਿਲਾਈ ਗਈ।

ਇਸ ਮੌਕੇ ਡਾ. ਕਿਰਨ ਬਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵੱਲੋਂ ਅੱਜ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤੇ ਜ਼ਿਲ੍ਹੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੜ੍ਹਦੇ 01 ਤੋਂ 19 ਸਾਲ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਗੋਲੀ ਖਿਲਾਈ ਜਾਵੇਗੀ ਅਤੇ ਇਹਨਾਂ 'ਚੋਂ ਜਿਹੜੇ ਬੱਚੇ ਅੱਜ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਉਨ੍ਹਾਂ ਬੱਚਿਆਂ ਨੂੰ ਮਿਤੀ 17/08/2018 ਮੋਪ-ਅਪ ਦਿਵਸ ਨੂੰ ਦੋਬਾਰਾ ਦਵਾਈ ਖੁਆਈ ਜਾਵੇਗੀ। ਇਹ ਗੋਲੀ ਬੱਚਿਆਂ ਨੂੰ ਉਮਰ ਦੇ ਅਨੁਸਾਰ (01 ਤੋਂ 02 ਸਾਲ ਦੇ ਬੱਚੇ ਨੂੰ ਅੱਧੀ ਗੋਲੀ, 02 ਤੋਂ 19 ਸਾਲ ਦੇ ਬੱਚੇ ਨੂੰ ਪੂਰੀ) ਸਕੂਲਾਂ 'ਚ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ।

ਪੇਟ ਦੇ ਕੀੜਿਆਂ ਬਾਰੇ ਦੱਸਦਿਆਂ ਡਾ. ਕਿਰਨ ਬਾਲਾ ਨੇ ਕਿਹਾ ਕਿ 1 ਤੋਂ 19 ਸਾਲ ਤੱਕ ਦੇ ਬੱਚੇ ਪੇਟ ਦੇ ਕੀੜਿਆਂ ਦੀ ਬਿਮਾਰੀ ਦੇ ਜਿਆਦਾ ਸ਼ਿਕਾਰ ਹੁੰਦੇ ਹਨ। ਇਸ ਬਿਮਾਰੀ ਨਾਲ ਬੱਚਿਆਂ 'ਚ ਭੁੱਖ ਨਾ ਲੱਗਣਾ, ਕੁਪੋਸ਼ਣ ਅਤੇ ਖੂਨ ਦੀ ਕਮੀ, ਸੰਪੂਰਨ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਖੂਨ ਦੀ ਕਮੀ ਕਾਰਨ ਥਕਾਵਟ ਰਹਿਣੀ, ਪੜ੍ਹਾਈ 'ਚ ਮਨ ਨਾ ਲੱਗਣਾ ਆਦਿ ਵਰਗੀਆਂ ਕਮੀਆਂ ਆ ਜਾਂਦੀਆਂ ਹਨ। ਇਨ੍ਹਾਂ ਤੋਂ ਬਚਾਓ ਲਈ ਬੱਚਿਆਂ ਨੂੰ ਇਹ ਦਵਾਈ ਖਵਾਈ ਜਾ ਰਹੀ ਹੈ। ਜਿਸ ਨਾਲ ਬੱਚਿਆਂ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਐਲਬੈਂਡਾਜੋਲ ਦੀ ਗੋਲੀ ਨਾਲ ਦੋ ਤਰ੍ਹਾਂ ਨਾਲ ਲਾਭ ਹੰਦਾ ਹੈ, ਪਹਿਲਾ ਸਿੱਧਾ ਅਨੀਮਿਆ ਤੋਂ ਬਚਾਅ, ਪੌਸ਼ਟਿਕ ਭੋਜਨ ਦੀ ਜ਼ਿਆਦਾ ਪਾਚਣ ਸ਼ਕਤੀ, ਸਰੀਰ ਦਾ ਖੁਰਾਕ ਲੈਣ ਤੇ ਪਾਚਣ ਸ਼ਕਤੀ 'ਚ ਸੁਧਾਰ ਆਉਂਦਾ ਹੈ ਅਤੇ ਦੂਜਾ ਅਸਿੱਧਾ ਲਾਭ 'ਚ ਜਿਵੇਂ ਸਰੀਰਕ ਸ਼ਕਤੀ ਵਿੱਚ ਵਾਧਾ, ਸਿੱਖਣ ਅਤੇ ਧਿਆਨ ਦੇਣ ਦੀ ਸਮਰੱਥਾ ਵਿੱਚ ਸੁਧਾਰ ਅਤੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਜ਼ਿਆਦਾ ਹਾਜ਼ਰੀ, ਕੰਮ ਕਰਨ ਦੀ ਸਮਰੱਥਾ ਵਿੱਚ ਸੁਧਾਰ ਅਤੇ ਚੰਗੀ ਜ਼ਿੰਦਗੀ ਗੁਜ਼ਾਰਨ ਦੇ ਮੌਕੇ ਅਤੇ ਸਮਾਜ ਵਿੱਚ ਪੇਟ ਦੇ ਕੀੜਿਆਂ ਦੇ ਫੈਲਣ ਦੇ ਘੇਰੇ ਦਾ ਘੱਟ ਹੋਣਾ ਆਦਿ ਵਰਗੇ ਲਾਭ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਅਤੇ ਵੱਡਿਆਂ ਲਈ ਸੁਰੱਖਿਅਤ ਹੈ।