ਰੇਲਵੇ ਨੂੰ ਮਿਲੀ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ, ਪਰ ਕਾਗ਼ਜ਼ਾਂ 'ਚ ਹੀ ਤਾਇਨਾਤ ਨੇ ਸਟੇਸ਼ਨਾਂ 'ਤੇ ਜਵਾਨ..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 10 2018 18:09

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਦੇ ਅਲੱਗ ਅਲੱਗ ਹਿੱਸਿਆ ਵਿੱਚ  15 ਅਗਸਤ ਨੂੰ ਅਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਵੇਖਿਆ ਜਾਵੇ ਤਾਂ ਜਦੋਂ ਵੀ ਅਜ਼ਾਦੀ ਦਿਹਾੜਾ ਜਾਂ ਫਿਰ ਕੋਈ ਹੋਰ ਰਾਸ਼ਟਰੀ ਪ੍ਰੋਗਰਾਮ ਹੁੰਦਾ ਹੈ ਤਾਂ ਅੱਤਵਾਦੀ ਸੰਗਠਨਾਂ ਦੇ ਵੱਲੋਂ ਭਾਰਤ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਤੋਂ ਇਲਾਵਾ ਕਈ ਨਾਮੀ ਸ਼ਹਿਰ ਵੀ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। 

ਦੱਸ ਦੇਈਏ ਕਿ ਜਿੱਥੇ ਕੁਝ ਦਿਨ ਪਹਿਲੋਂ ਦਿੱਲੀ ਦੇ ਕੁਝ ਹਿੱਸਿਆਂ ਨੂੰ ਅੱਤਵਾਦੀਆਂ ਵੱਲੋਂ ਉਡਾਉਣ ਦੀਆਂ ਧਮਕੀਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ, ਉੱਥੇ  ਫ਼ਿਰੋਜ਼ਪੁਰ ਰੇਲਵੇ ਡਵੀਜ਼ਨਾਂ ਦੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਬੀਤੀ ਦੇਰ ਰਾਤ ਰੇਲਵੇ ਪ੍ਰਸ਼ਾਸਨ ਨੂੰ ਮਿਲੀ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਭਾਵੇਂ ਹੀ ਰੇਲਵੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀ ਰਾਤ ਸਟੇਸ਼ਨਾਂ 'ਤੇ ਪਹਿਰਾ ਲਗਾਇਆ ਗਿਆ, ਉੱਥੇ ਹੀ ਦਿਨ ਚੜਦਿਆ ਸਾਰੇ ਰੇਲਵੇ ਪੁਲਿਸ ਕਰਮਚਾਰੀ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ ਜਾਂ ਇੰਝ ਕਹਿ ਲਓ ਸਟੇਸ਼ਨਾਂ ਤੋਂ ਗ਼ਾਇਬ ਹੀ ਹੋ ਗਏ। 

ਦੱਸ ਦੇਈਏ ਕਿ ਧਮਕੀ ਭਰੇ ਪੱਤਰ ਮਿਲਣ ਤੋਂ ਬਾਅਦ ਰੇਲਵੇ ਨੇ ਸਿਰਫ਼ ਕਾਗ਼ਜ਼ਾਂ 'ਚ ਹੀ ਸੁਰੱਖਿਆ ਵਧਾਈ ਹੈ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੂੰ ਮਿਲੀ ਚਿੱਠੀ ਤੋਂ ਬਾਅਦ ਜਿੱਥੋਂ ਵਿਭਾਗ ਸਮੇਤ ਪੁਲਿਸ ਪ੍ਰਸ਼ਾਸਨ ਵਿੱਚ  ਹੜਕੰਪ ਮੰਚ ਗਿਆ, ਪਰ ਕਾਗ਼ਜ਼ਾਂ ਵਿੱਚ ਹੋਈ ਸਖ਼ਤੀ ਸਟੇਸ਼ਨ 'ਤੇ ਕਿਧਰੇ ਦਿਖਾਈ ਨਹੀਂ ਦੇ ਰਹੀ। ਰੇਲ ਸਫ਼ਰ ਕਰਨ ਵਾਲੇ ਯਾਤਰੀ ਇਸ ਸਦਕਾ ਪ੍ਰੇਸ਼ਾਨੀ ਹੋਣ ਦੀ ਗੱਲ ਕਰਦੇ ਨਜ਼ਰੀ ਆ ਰਹੇ ਹਨ। ਦੂਜੇ ਪਾਸੇ ਰੇਲਵੇ ਦੇ ਉੱਚ ਅਧਿਕਾਰੀਆਂ ਦਾਅਵਾ ਕਰ ਰਹੇ ਹਨ ਕਿ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਦੀ ਛੁੱਟੀ ਰੱਦ ਕਰਕੇ ਚੱਪੇ-ਚੱਪੇ ਨੂੰ ਸੀਲ ਕੀਤਾ ਗਿਆ ਹੈ, ਪਰ ਸਟੇਸ਼ਨਾਂ 'ਤੇ ਅਜਿਹਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ।

ਇਸ ਮੌਕੇ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਦਾਅਵਿਆਂ ਦੀ ਨਿਕਲਦੀ ਫ਼ੂਕ ਦੀ ਗੱਲ ਕਰਦਿਆਂ ਕੁਝ ਯਾਤਰੀਆਂ ਨੇ ਕਿਹਾ ਕਿ ਰੇਲਵੇ ਪੁਲਿਸ ਪ੍ਰਸ਼ਾਸਨ ਨੂੰ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੇ ਕਾਰਜ ਵਿੱਚ ਕੁਤਾਹੀ ਨਹੀਂ ਵਰਤਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਖ਼ਤੀ ਹੋਣ ਨਾਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਵੇਗੀ, ਪਰ ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ ਅਜਿਹਾ ਹੋਣਾ ਜ਼ਰੂਰੀ ਹੈ ਤਾਂ ਜੋ ਦੇਸ਼ ਦੀ ਆਨ, ਬਾਨ੍ਹ ਤੇ ਸ਼ਾਨ ਨੂੰ ਕਾਇਮ ਰੱਖਿਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।