ਨਗਰ ਨਿਗਮ ਪਟਿਆਲਾ ਦੀ ਲਾਪਰਵਾਹੀ ਦਾ ਰਿਕਾਰਡ ਹੁਣ ਹਰ ਰੋਜ਼ ਹੋਰ ਪੱਕਾ ਹੁੰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਪਹਿਲਾਂ ਸੜਕਾਂ ਤੇ ਤੀਵੀਆਂ ਗੱਲਾਂ ਕਰਦੀਆਂ ਨਜ਼ਰ ਆਉਂਦੀਆਂ ਸਨ ਪਰ ਹੁਣ ਤਾਂ ਅਵਾਰਾ ਪਸ਼ੂ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਪਸ਼ੂਆਂ ਵੱਲੋਂ ਕਦੇ ਵੀ ਭੱਜਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਕਈ ਲੋਕ ਰੋਜ਼ ਜ਼ਖਮੀ ਹੋ ਰਹੇ ਹਨ। ਹਾਲ ਇਨ੍ਹਾਂ ਮਾੜਾ ਹੋ ਗਿਆ ਹੈ ਕਿ ਸ਼ਾਹੀ ਸੜਕਾਂ ਹੁਣ ਅਵਾਰਾ ਪਸ਼ੂਆਂ ਦੀ ਪ੍ਰਾਪਰਟੀ ਹੀ ਲੱਗਦੀਆਂ ਹਨ ਕਿਉਂਕਿ ਜਿੰਨੀ ਗਿਣਤੀ ਸੜਕਾਂ ਤੇ ਆਮ ਲੋਕਾਂ ਦੀ ਨਹੀਂ ਹੁੰਦੀ, ਉਸ ਨਾਲ ਕਈ ਗੁਣਾ ਵੱਧ ਇਹ ਸੜਕਾਂ ਤੇ ਡੇਰਾ ਲਾਈ ਰੱਖਦੇ ਹਨ।
ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦਾਅਵੇ ਸਨ ਕਿ ਅਗਲੇ 6 ਮਹੀਨਿਆਂ ਵਿੱਚ ਉਨ੍ਹਾਂ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਅਵਾਰਾ ਸੰਧਾਂ, ਗਾਵਾਂ ਅਤੇ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਦਵਾਈ ਜਾਵੇਗੀ ਪਰ ਉਨ੍ਹਾਂ ਦੀ ਇਹ ਗੱਲ ਖੋਖਲੀ ਸਾਬਤ ਹੋ ਚੁੱਕੀ ਹੈ। ਸ਼ਹਿਰ ਵਾਸੀਆਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਹੋਰ ਗੰਭੀਰ ਸਮੱਸਿਆ ਹੁੰਦੀ ਤਾਂ ਲੋਕ ਆਪੇ ਹੀ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪਰ ਵੱਧ ਰਹੇ ਸੰਧਾਂ ਕਾਰਨ ਲੋਕਾਂ ਵਿੱਚ ਖ਼ੌਫ਼ ਪੈਦਾ ਹੋ ਰਿਹਾ ਹੈ ਅਤੇ ਇਨ੍ਹਾਂ ਦੇ ਪਾਗਲਪਣ ਨੂੰ ਵੇਖ ਕੇ ਇਨ੍ਹਾਂ ਕੋਲ਼ੋਂ ਨਿਕਲਣਾ ਵੀ ਸ਼ਹਿਰ ਵਾਸੀਆਂ ਲਈ ਔਖਾ ਹੋ ਗਿਆ ਹੈ ਫੇਰ ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੂੰ ਕਾਬੂ ਕਰਨ ਦੀ ਗੱਲ ਦੂਰ ਰਹਿ ਜਾਂਦੀ ਹੈ। ਲੋਕਾਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕਬਜ਼ੇ ਨੂੰ ਅਵਾਰਾ ਜਾਨਵਰਾਂ ਤੋਂ ਛੁਡਾ ਕੇ ਸ਼ਹਿਰ ਵਾਸੀਆਂ ਨੂੰ ਵਾਪਸ ਕੀਤਾ ਜਾਵੇ।