ਅਫ਼ੀਮ ਤਸਕਰੀ ਦੇ ਦੋਸ਼ 'ਚ ਦੋ ਵਿਅਕਤੀ ਸਾਢੇ ਤਿੰਨ ਕਿੱਲੋ ਅਫ਼ੀਮ ਸਣੇ ਜੀਆਰਪੀ ਨੇ ਕੀਤੇ ਕਾਬੂ

Last Updated: Aug 10 2018 17:53

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪ੍ਰਦੇਸ਼ ਦੇ ਰੇਲਵੇ ਸਟੇਸ਼ਨਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਰੇਲਵੇ ਮੁਸਾਫ਼ਰਾਂ 'ਤੇ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਕਰਨ ਦੇ ਮੱਦੇਨਜ਼ਰ ਜੀਆਰਪੀ ਅਤੇ ਆਰਪੀਐਫ ਵੱਲੋਂ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਨੇ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਸਾਢੇ ਤਿੰਨ ਕਿੱਲੋ ਅਫ਼ੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਕਾਬੂ ਕੀਤੇ ਦੋਨਾਂ ਆਰੋਪੀਆਂ ਦੇ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਪੁਲਿਸ ਥਾਣਾ ਜੀਆਰਪੀ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਫ਼ੀਮ ਬਰਾਮਦਗੀ ਸਬੰਧੀ ਥਾਣਾ ਜੀਆਰਪੀ ਦੇ ਐਸਐਚਓ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਗਸਤ ਨੂੰ ਮਨਾਏ ਜਾ ਰਹੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜੀਆਰਪੀ ਵੱਲੋਂ ਰੇਲਵੇ ਸਟੇਸ਼ਨਾਂ ਤੇ ਦਿਨ-ਰਾਤ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਐਸਐਚਓ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਏਐਸਆਈ ਰਾਮ ਕਿਸ਼ਨ ਪੁਲਿਸ ਮੁਲਾਜ਼ਮਾਂ ਦੇ ਨਾਲ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰ.1 ਉੱਪਰ ਰੇਲਵੇ ਸਟੇਸ਼ਨ ਮਾਸਟਰ ਦੇ ਆਫ਼ਿਸ ਕੋਲ ਚੈਕਿੰਗ ਕਰ ਰਹੇ ਸੀ।

ਇਸੇ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਦੇ ਆਧਾਰ 'ਤੇ ਰੋਕ ਕੇ ਉਸ ਦੇ ਬੈਗ ਦੀ ਚੈਕਿੰਗ ਕੀਤੀ ਤਾਂ ਬੈਗ ਅੰਦਰੋਂ ਪਾਲੀਥੀਨ ਲਿਫ਼ਾਫ਼ੇ 'ਚ ਲਪੇਟ ਕੇ ਰੱਖੀ ਦੋ ਕਿੱਲੋ ਅਫ਼ੀਮ ਬਰਾਮਦ ਹੋਈ। ਜਿਸ ਦੇ ਬਾਦ ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਪਹਿਚਾਣ ਮਾਨਸ ਨਾਗ ਵਾਸੀ ਝਾਰਖੰਡ ਵਜੋਂ ਹੋਈ ਹੈ। ਐਸਐਚਓ ਇੰਦਰਜੀਤ ਸਿੰਘ ਨੇ ਦੂਸਰੇ ਮਾਮਲੇ ਸਬੰਧੀ ਦੱਸਿਆ ਕਿ ਇਸੇ ਤਰਾਂ ਏਐਸਆਈ ਜੀਵਨ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰ.2-3 ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ। ਚੈਕਿੰਗ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਇੱਕ ਰੇਲਵੇ ਮੁਸਾਫ਼ਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੇ ਸਮਾਨ ਦੀ ਜਾਂਚ ਕੀਤੀ ਤਾਂ ਚੈਕਿੰਗ ਦੌਰਾਨ ਉਸ ਦੇ ਕਬਜ਼ੇ ਚੋਂ ਪਾਲੀਥੀਨ ਲਿਫ਼ਾਫ਼ੇ 'ਚ ਲਪੇਟੀ ਇੱਕ ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਬਾਦ 'ਚ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਫੂਲ ਚੰਦ ਮੁੰਡਾ ਵਾਸੀ ਪਿੰਡ ਖੂੰਟੀ (ਝਾਰਖੰਡ) ਦੇ ਤੌਰ 'ਤੇ ਹੋਈ ਹੈ। ਕਾਬੂ ਕੀਤੇ ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।