ਸਹਾਇਕ ਕਮਿਸ਼ਨਰ ਫੂਡ ਨੇ ਹਲਵਾਈਆਂ ਅਤੇ ਮਿਠਾਈ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

Last Updated: Aug 10 2018 17:46

ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਹਾਇਕ ਕਮਿਸ਼ਨਰ ਫੂਡ ਅਮਿਤ ਜੋਸ਼ੀ ਦੀ ਪ੍ਰਧਾਨਗੀ ਹੇਠ ਅੱਜ ਸਮੂਹ ਹਲਵਾਈਆਂ ਅਤੇ ਮਿਠਾਈ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫ਼ਟੀ ਅਫ਼ਸਰ ਮਨਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ। ਅਮਿਤ ਜੋਸ਼ੀ ਨੇ ਹਲਵਾਈਆਂ ਨੂੰ ਹਦਾਇਤ ਕੀਤੀ ਕਿ ਉਹ ਸ਼ੁੱਧ ਅਤੇ ਸਾਫ਼-ਸੁਥਰੀ ਮਿਠਾਈ ਹੀ ਬਣਾਉਣ ਅਤੇ ਵੇਚਣ। ਉਨ੍ਹਾਂ ਕਿਹਾ ਕਿ ਉਹ ਮਿਠਾਈ ਬਣਾਉਣ ਵਿੱਚ ਕਿਸੇ ਕਿਸਮ ਦਾ ਰੰਗ, ਮਿਲਾਵਟ ਆਦਿ ਨਾ ਕਰਨ ਅਤੇ ਮਿਠਾਈ ਲਈ ਵਰਤਿਆ ਜਾਣ ਵਾਲਾ ਖੋਆ ਆਦਿ ਬਾਹਰੋਂ ਨਾ ਮੰਗਵਾ ਕੇ ਖ਼ੁਦ ਹੀ ਤਿਆਰ ਕੀਤਾ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਸਮੂਹ ਹਲਵਾਈਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੀ ਦੁਕਾਨਾਂ ਵਿੱਚ ਮਿਠਾਈ ਬਣਾਉਣ ਵਾਲੇ ਰਸੋਈਏ (ਕੂਕ) ਆਦਿ ਦਾ ਮੈਡੀਕਲ ਚੈੱਕਅਪ ਵੀ ਕਰਵਾਉਣ। ਮਨਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਵੀ ਮਿਠਾਈ ਦੁਕਾਨਦਾਰ/ਹਲਵਾਈ ਕਿਸੇ ਕਿਸਮ ਦੀ ਮਿਲਾਵਟ ਵਾਲੀ ਮਿਠਾਈ ਵੇਚਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।