...ਤੇ ਹੁਣ ਅਨੁਸੂਚਿਤ ਜਾਤੀਆਂ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਸਵੈ ਰੁਜ਼ਗਾਰ ਦੇਣ ਲਈ ਖੁੱਲ੍ਹਣਗੇ 'ਹੁਨਰ ਵਿਕਾਸ ਕੇਂਦਰ'..!

Last Updated: Aug 10 2018 17:41

ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ ਅਤੇ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਚੰਡੀਗੜ੍ਹ ਵੱਲੋਂ ਕੇਂਦਰੀ ਸਰਕਾਰ ਦੀ ਸਪੈਸ਼ਲ ਸੈਂਟਰਲ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਗ਼ਰੀਬ ਅਤੇ ਪੜ੍ਹੇ ਲਿਖੇ ਲੜਕੇ ਅਤੇ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਵੈ ਰੁਜ਼ਗਾਰ ਦੇਣ ਲਈ ਫ਼ਿਰੋਜ਼ਪੁਰ ਅਤੇ ਬਲਾਕ ਪੱਧਰ 'ਤੇ ਹੁਨਰ ਵਿਕਾਸ ਕੇਂਦਰ ਖੋਲੇ ਜਾ ਰਹੇ ਹਨ ਜਿਨ੍ਹਾਂ ਵਿੱਚ ਮੁਫ਼ਤ ਸਕਿੱਲ ਡਿਵੈਲਪਮੈਂਟ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ 480 ਲੜਕੇ ਅਤੇ ਲੜਕੀਆਂ ਨੂੰ ਫ਼ਿਰੋਜ਼ਪੁਰ ਵਿਖੇ ਤਕਨੀਕੀ ਸਿਖਲਾਈ ਦਿੱਤੀ ਜਾਣੀ ਹੈ। 

ਇਸ ਮੌਕੇ 'ਤੇ ਪ੍ਰਿੰਸ ਗਾਂਧੀ ਸੀਨੀਅਰ ਮੈਨੇਜਰ ਨਿਟਕੋਨ ਚੰਡੀਗੜ੍ਹ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਸਿਖਲਾਈ ਫ਼ਿਰੋਜ਼ਪੁਰ ਅਤੇ ਬਲਾਕ ਪੱਧਰ ਦੇ ਹੁਨਰ ਵਿਕਾਸ ਕੇਂਦਰ 'ਚ ਦਿੱਤੀ ਜਾਣੀ ਹੈ। ਇਸ ਸਿਖਲਾਈ ਦਾ ਸਮਾਂ ਰੋਜ਼ਾਨਾ 4 ਘੰਟੇ ਸਵੇਰੇ ਅਤੇ 4 ਘੰਟੇ ਬਾਅਦ ਦੁਪਹਿਰ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆਰਥੀ ਦੀ ਉਮਰ 18 ਸਾਲ ਤੋਂ 40 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਸਫਲਤਾ ਪੂਰਵਕ ਟਰੇਨਿੰਗ ਪਾਸ ਕਰਨ ਵਾਲੇ ਸਿੱਖਿਆਰਥੀ ਨੂੰ ਕਿਰਾਏ ਵਜੋਂ ਵਜ਼ੀਫ਼ਾ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਆਪਣਾ ਛੋਟਾ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਵੱਖ-ਵੱਖ ਸਕੀਮਾਂ ਤਹਿਤ ਲੋੜੀਂਦਾ ਕਰਜ਼ਾ ਬੈਂਕ ਤੋਂ ਲੈਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਨੌਜਵਾਨ ਲੜਕੇ ਲੜਕੀਆਂ ਆਪਣਾ ਰੋਜ਼ਗਾਰ ਸ਼ੁਰੂ ਕਰਨ। 

ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਨੌਜਵਾਨ ਲੜਕੇ ਅਤੇ ਲੜਕੀਆਂ ਉਪਰੋਕਤ ਸਿਖਲਾਈ ਲੈਣਾ ਚਾਹੁੰਦੇ ਹਨ, ਉਹ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਏ.ਡੀ.ਸੀ (ਵਿਕਾਸ) ਦੇ ਦਫ਼ਤਰ 'ਚ 30 ਅਗਸਤ 2018 ਤੱਕ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਬਿਨੈ ਪੱਤਰ ਪ੍ਰਾਪਤ ਕਰ ਸਕਦੇ ਹਨ ਅਤੇ ਬਿਨੈ ਪੱਤਰ ਪ੍ਰਾਪਤ ਹੋਣ ਉਪਰੰਤ ਸਿਲੈੱਕਸ਼ਨ ਕਮੇਟੀ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਹੀ ਮੁਫ਼ਤ ਟੈਕਨੀਕਲ ਸਕੀਲ ਬੇਸਡ ਟਰੇਨਿੰਗ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਫ਼ਿਰੋਜ਼ਪੁਰ ਵੱਲੋਂ ਬਿਨਾ ਕਿਸੇ ਫ਼ੀਸ ਤੋਂ ਕੀਤਾ ਜਾ ਰਿਹਾ ਹੈ।