ਸਿਹਤ ਵਿਭਾਗ ਫਿਰੋਜ਼ਪੁਰ ਖੁਆਏਗਾ 2 ਲੱਖ 95 ਹਜ਼ਾਰ 711 ਬੱਚਿਆਂ ਨੂੰ ਐਲਬੈਂਡਾਜੋਲ ਦਵਾਈ..!!

Last Updated: Aug 10 2018 17:37

ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਨੈਸ਼ਨਲ ਡੀ-ਵਾਰਮਿੰਗ ਡੇ (ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ) ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸੀਬੀ ਮਿਡਲ ਸਕੂਲ ਗਵਾਲ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲਿਆਂ ਖੁਆ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡਾ. ਸੁਰਿੰਦਰ ਕੁਮਾਰ ਨੇ ਡੀ-ਵਾਰਮਿੰਗ ਡੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ-ਵਾਰਮਿੰਗ ਡੇ ਦਾ ਮਕਸਦ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ ਹੈ, ਜਿਸਦੇ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਈਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ 851 ਸਕੂਲਾਂ ਦੇ 100067 ਬੱਚਿਆਂ ਨੂੰ, 266 ਪ੍ਰਾਈਵੇਟ ਸਕੂਲਾਂ ਦੇ 111802 ਬੱਚਿਆਂ ਨੂੰ, 1147 ਆਂਗਣਵਾੜੀ ਸੈਂਟਰਾਂ ਦੇ 48542 ਰਜਿਸਟਰਡ ਬੱਚਿਆਂ ਅਤੇ ਸਕੂਲ ਨਾ ਜਾਣ ਵਾਲੇ ਲਗਭਗ 35300 ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਐਲਬੈਂਡਾਜੋਲ ਦਵਾਈ ਦੀ ਖ਼ੁਰਾਕ ਖੁਆਈ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਵੱਲੋਂ ਅੱਜ ਕਿਸੇ ਕਾਰਨ ਐਲਬੈਂਡਾਜੋਲ ਦੀ ਖ਼ੁਰਾਕ ਨਹੀਂ ਖਾਦੀ ਗਈ ਉਸ ਨੂੰ ਇਹ ਖ਼ੁਰਾਕ 17 ਅਗਸਤ 2018 ਨੂੰ ਮੋਪ-ਅਪ ਡੇ ਵਾਲੇ ਦਿਨ ਖੁਆਈ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਬੱਚਿਆ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਰੋਟੀ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਧੋ ਕੇ ਸਾਫ਼ ਕਰ ਲੈਣੇ ਚਾਹੀਦੇ ਹਨ, ਫਲਾਂ ਅਤੇ ਖਾਣ ਵਾਲੀਆਂ ਚੀਜ਼ਾਂ ਹਮੇਸ਼ਾ ਸਾਫ਼ ਖਾਣੀਆਂ ਚਾਹੀਦੀਆਂ ਹਨ, ਬੱਚਿਆਂ ਨੂੰ ਆਪਣੇ ਨਹੁੰ ਕੱਟ ਕੇ ਰੱਖਣੇ ਚਾਹੀਦੇ ਹਨ ਤੇ ਕਦੀ ਵੀ ਬੱਚਿਆਂ ਨੂੰ ਨੰਗੇ ਪੈਰੀਂ ਨਹੀਂ ਤੁਰਨਾ ਚਾਹੀਦਾ ਅਤੇ ਸਕੂਲਾਂ ਅਤੇ ਘਰਾਂ ਵਿੱਚ ਸਾਫ਼ ਪਖਾਨੇ ਵਰਤਣੇ ਚਾਹੀਦੇ ਹਨ। ਇਸ ਮੌਕੇ ਡਾ. ਤੁਸ਼ਟੀ ਜ਼ਿਲ੍ਹਾ ਸਕੂਲ ਹੈਲਥ ਮੈਡੀਕਲ ਅਫ਼ਸਰ, ਡਾ. ਯੁਵਰਾਜ ਜ਼ਿਲ੍ਹਾ ਐਪੀਡੀਮੋਲੋਜਿਸਟ, ਹਰੀਸ਼ ਕਟਾਰੀਆ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਆਦਿ ਹਾਜ਼ਰ ਸਨ।