ਕਾਲੇ ਬਿੱਲੇ ਲਗਾ ਕੇ ਪੰਜਾਬ ਰੋਡਵੇਜ਼ 'ਤੇ ਪਨਬੱਸ ਕੰਟਰੈਕਟ ਕਾਮਿਆਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ..!!

Last Updated: Aug 10 2018 17:28

ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ 'ਚ ਸਰਕਾਰ ਖ਼ਿਲਾਫ਼ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਡਿਊਟੀ ਸ਼ੁਰੂ ਕੀਤੀ ਗਈ। ਇਸ ਮੌਕੇ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰਕੇ ਵਰਕਰਾਂ ਦੀਆਂ ਮੰਗਾਂ ਨੂੰ ਟਾਲ ਮਟੋਲ ਕਰ ਰਹੀ ਹੈ। ਕਾਫ਼ੀ ਲੰਮੇ ਸਮੇਂ ਤੋਂ ਪਨਬੱਸ ਕਾਮੇ ਠੇਕੇਦਾਰੀ ਸਿਸਟਮ ਰਾਹੀਂ ਬਹੁਤ ਘੱਟ ਤਨਖ਼ਾਹ 'ਤੇ ਕੰਮ ਕਰ ਰਹੇ ਹਨ ਅਤੇ ਠੇਕੇਦਾਰੀ ਸਿਸਟਮ ਦੀ ਗ਼ੁਲਾਮੀ ਹੰਡਾ ਰਹੇ ਹਨ। ਠੇਕੇਦਾਰੀ ਸਿਸਟਮ ਵਿੱਚ ਕੰਮ ਕਰਕੇ ਵਰਕਰ ਆਪਣੇ ਆਪ ਨੂੰ ਸਰਮਾਏਦਾਰਾਂ ਅਤੇ ਠੇਕੇਦਾਰਾਂ ਦੇ ਗ਼ੁਲਾਮ ਹੋਏ ਸਮਝਦੇ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰੀ ਅਤੇ ਕੰਟਰੈਕਟ 'ਤੇ ਕੰਮ ਕਰਦੇ ਕਾਮਿਆਂ ਉੱਪਰ ਕਾਲੇ ਕਾਨੂੰਨ ਲਗਾ ਕੇ ਅਫ਼ਸਰਸ਼ਾਹੀ ਵਰਕਰਾਂ ਨਾਲ ਗ਼ੁਲਾਮਾਂ ਵਰਗਾ ਸਲੂਕ ਕਰਦੀ ਹੈ, ਜਦੋਂਕਿ ਭਾਰਤੀ ਸੰਵਿਧਾਨ ਅੰਦਰ 240 ਦਿਨ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਬਣਦਾ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਬਰਾਬਰ ਕੰਮ ਬਰਾਬਰ ਤਨਖ਼ਾਹ 26 ਅਕਤੂਬਰ 2016 ਨੂੰ ਅਫ਼ਸਰਸ਼ਾਹੀ ਅਤੇ ਸਰਕਾਰ ਨੇ ਛਿੱਕੇ ਟੰਗ ਕੇ ਠੇਕੇਦਾਰੀ ਅਤੇ ਕੰਟਰੈਕਟ ਕੰਮ ਕਰਦੇ ਵਰਕਰਾਂ ਦਾ ਖ਼ੂਨ ਨਚੋੜਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 15 ਅਗਸਤ 2018 ਨੂੰ ਸੰਘਰਸ਼ ਨੂੰ ਹੋਰ ਤਿੱਖੇ ਕਰਦੇ ਹੋਏ ਕਾਲੇ ਚੋਲ੍ਹੇ ਪਾ ਕੇ ਸਰਕਾਰ ਖ਼ਿਲਾਫ਼ ਪ੍ਰਚਾਰ ਵੀ ਕੀਤਾ ਜਾਵੇਗਾ, ਜਿਹੜੀ ਸਰਕਾਰ ਵੋਟਾਂ ਤੋਂ ਪਹਿਲਾ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕਰਦੀ ਸੀ, ਪਰ ਉਸ ਦੇ ਉਲਟ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਇਸ ਮੌਕੇ ਰੇਸ਼ਮ ਸਿੰਘ ਪੰਜਾਬ ਪ੍ਰਧਾਨ, ਡਿਪੂ ਸਰਪ੍ਰਸਤ ਪ੍ਰਗਟ ਸਿੰਘ, ਜਸਵੰਤ ਸਿੰਘ ਮੀਤ ਪ੍ਰਧਾਨ, ਕੰਵਲਜੀਤ ਸਿੰਘ ਸੈਕਟਰੀ, ਗੌਰਵ ਮੈਣੀ ਮੀਤ ਪ੍ਰਧਾਨ, ਹਰਭਜਨ ਸਿੰਘ ਆਦਿ ਹਾਜ਼ਰ ਸਨ।