ਜਲ ਸਪਲਾਈ ਵਿਭਾਗ ਨੇ 'ਮੇਰਾ ਪਿੰਡ, ਮੇਰੀ ਸ਼ਾਨ' ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ

Last Updated: Aug 10 2018 17:16

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਅੱਜ ਪਿੰਡ ਸੱਲੋ ਚਾਹਲ, ਚਾਹਲ ਕਲਾਂ, ਦੁਨੀਆਂ ਸੰਧੂ ਅਤੇ ਵਡਾਲਾ ਗ੍ਰੰਥੀਆਂ ਦੇ ਸਰਕਾਰੀ ਸਕੂਲਾਂ ਵਿੱਚ 'ਮੇਰਾ ਪਿੰਡ, ਮੇਰੀ ਸ਼ਾਨ' ਮੁਹਿੰਮ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਏ ਗਏ। ਜਲ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ ਬਟਾਲਾ-2 ਦੇ ਐੱਸ.ਡੀ.ਈ. ਕੁਲਵੰਤ ਚੌਧਰੀ ਅਤੇ ਜੇ.ਈ. ਪਰਮਵੀਰ ਸਿੰਘ ਚੱਠਾ ਨੇ ਸੈਮੀਨਾਰ ਦੌਰਾਨ ਲੋਕਾਂ ਨੂੰ ਆਪਣੇ ਪਿੰਡਾਂ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਮੁਹਿੰਮ ਤਹਿਤ ਚੰਗੀ ਕਾਰਗੁਜਾਰੀ ਵਾਲੇ ਪਿੰਡਾਂ, ਵਿਭਾਗਾਂ, ਯੂਥ ਕਲਬਾਂ ਅਤੇ ਵਿਅਕਤੀਆਂ ਨੂੰ ਇਨਾਮ ਦਿੱਤੇ ਜਾਣਗੇ।

ਐੱਸ.ਡੀ.ਈ. ਸੰਧੂ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀ ਆਪਣੇ ਪਿੰਡ ਦੀ ਸਾਫ ਸਫਾਈ 'ਚ ਸਮੂਲੀਅਤ ਵਧਾਉਣਾ ਅਤੇ ਇਸ ਨੂੰ ਇੱਕ ਜਨ ਅੰਦੋਲਨ 'ਚ ਤਬਦੀਲ ਕਰਨਾ ਹੈ। ਇਸ ਮੁਹਿੰਮ ਨਾਲ ਜੁੜਨ ਲਈ ਮੋਬਾਇਲ ਤੇ 'ਸਵੱਛ ਪੰਜਾਬ' ਮੋਬਾਇਲ ਐਪ ਡਾਉਨਲੋਡ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਪਣੇ ਪਿੰਡਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਲੋਕਾਂ ਦੀ ਸਮੂਹਿਕ ਜਿੰਮੇਵਾਰੀ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਸਵੱਛਤਾ ਅਭਿਆਨ ਤਹਿਤ ਕੀਤੇ ਕੰਮਾਂ ਨੂੰ ਮੋਬਾਇਲ ਐਪ ਰਾਹੀਂ ਲੋਡ ਕਰਕੇ ਆਪਣੀ ਕਾਰਗੁਜ਼ਾਰੀ ਸ਼ੋਅ ਕਰ ਸਕਦੇ ਹਨ ਅਤੇ ਸਭ ਤੋਂ ਚੰਗਾ ਕੰਮ ਕਰਨ ਵਾਲੇ ਪਿੰਡ ਜਾਂ ਸੰਸਥਾ ਨੂੰ ਸਰਕਾਰ ਵਲੋਂ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਜੇ.ਈ. ਪਰਮਵੀਰ ਸਿੰਘ ਚੱਠਾ ਨੇ ਲੋਕਾਂ ਨੂੰ ਪਾਣੀ ਦੀ ਬਚਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ ਕੁਦਰਤ ਦੀ ਬਹੁਤ ਵੱਡੀ ਨਿਆਮਤ ਹੈ ਅਤੇ ਇਸ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ।