ਬਟਾਲਾ ਭਾਜਪਾ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕਰ ਕਿਹਾ- ਕਾਂਗਰਸ ਗੰਦੀ ਰਾਜਨੀਤੀ ਤੋਂ ਆਵੇ ਬਾਜ਼

Last Updated: Aug 10 2018 17:02

ਅੱਜ ਬਟਾਲਾ ਕਲੱਬ ਵਿਖੇ ਸ਼ਹਿਰ ਦੇ ਭਾਜਪਾ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਦੀ ਅਗਵਾਈ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਬੀ.ਜੇ.ਪੀ. ਕੌਂਸਲਰਾਂ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ ਨੇ ਕਿਹਾ ਕਿ ਸ਼ਹਿਰ ਦੇ ਕਾਂਗਰਸੀ ਆਗੂ ਹੁਣ ਗੰਦੀ ਰਾਜਨੀਤੀ ਤੇ ਉੱਤਰ ਆਏ ਹਨ, ਜਿਸ ਕਰਕੇ ਸ਼ਹਿਰ ਦੇ ਵਿਕਾਸ ਕਾਰਜ ਰੁਕ ਗਏ ਹਨ।

ਉਨ੍ਹਾਂ  ਕਿਹਾ ਕਿ ਬਟਾਲਾ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਹਰਿੰਦਰ ਸਿੰਘ ਕਲਸੀ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ `ਤੇ ਭ੍ਰਿਸ਼ਟਾਚਾਰ ਅਤੇ ਫ਼ੰਡਾਂ ਦੀ ਦੁਰਵਰਤੋਂ ਵਰਗੇ ਜੋ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬਿਲਕੁਲ ਝੂਠੇ ਤੇ ਬੇ-ਬੁਨਿਆਦ ਹਨ। ਉਨ੍ਹਾਂ  ਕਿਹਾ ਕਿ ਹਰਿੰਦਰ ਕਲਸੀ ਵੱਲੋਂ ਕਮੇਟੀ ਪ੍ਰਧਾਨ ਤੇ ਕਰੋੜਾਂ ਰੁਪਏ ਦੇ ਫ਼ਰਜ਼ੀ ਬਿੱਲ ਕੱਟਣ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਧਾਂਦਲੀਆਂ ਦੇ ਲਗਾਏ ਸੰਗੀਨ ਇਲਜ਼ਾਮਾਂ ਦਾ ਕੋਈ ਅਧਾਰ ਨਹੀਂ ਤੇ ਇਹਨਾਂ ਦਾ ਨਿਸਤਾਰਾ ਵਿਜੀਲੈਂਸ ਜਾਂਚ ਤੋਂ ਬਾਅਦ ਆਪੇ ਹੋ ਜਾਵੇਗਾ।

ਭਾਜਪਾ ਆਗੂਆਂ ਨੇ ਕਿਹਾ ਕਿ ਦੂਜਿਆਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਵਾਲੇ ਕਲਸੀ ਜੇਕਰ ਆਪ ਇੰਨੇ ਹੀ  ਦੁੱਧ ਧੋਤੇ ਹਨ, ਤਾਂ ਕਮੇਟੀ  ਵਾਈਸ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਲਗਾਈ ਗਈ ਟਾਈਲ ਫ਼ੈਕਟਰੀ ਲਈ ਜੁਟਾਏ ਗਏ ਪੈਸੇ ਦੀ ਵੀ ਵਿਜੀਲੈਂਸ ਜਾਂਚ ਕਰਵਾਉਣ। ਭਾਜਪਾ ਆਗੂਆਂ ਨੇ ਕਿਹਾ ਕਿ ਈ.ਓ. ਭੁਪਿੰਦਰ ਸਿੰਘ ਵੀ ਸਿਆਸੀ ਸ਼ਹਿ ਤਹਿਤ ਕੰਮ ਕਰਦੇ ਹੋਏ ਜ਼ਰੂਰੀ ਟੈਂਡਰ ਰੱਦ ਕਰਕੇ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਰੋੜਾ ਅਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਬੀ.ਜੇ.ਪੀ. ਪਾਰਟੀ ਦੇ ਆਗੂਆਂ ਦਾ ਅਕਸ ਖ਼ਰਾਬ ਕਰਨ ਲਈ ਘਟੀਆ ਰਾਜਨੀਤੀ ਤੋਂ ਬਾਜ਼ ਨਾ ਆਈ ਤਾਂ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।