ਹੁਣ ਆਮ ਲੋਕ ਵੀ ਖ਼ਾ ਸਕਣਗੇ ਜੇਲ੍ਹ ਦੀ ਰੋਟੀ!! (ਨਿਊਜ਼ਨੰਬਰ ਖਾਸ ਖ਼ਬਰ)

Last Updated: Aug 10 2018 15:41

ਕੋਈ ਵੇਲਾ ਸੀ ਜਦੋਂ ਜੇਲ੍ਹ ਦੀ ਹਵਾ ਜਾਂ ਰੋਟੀ ਖਾਣ ਨੂੰ ਇੱਕ ਗਾਲ੍ਹ ਵਾਂਗ ਮਹਿਸੂਸ ਕੀਤਾ ਜਾਂਦਾ ਸੀ। ਜੇਲ੍ਹ ਦੀ ਰੋਟੀ ਖ਼ਾ ਕੇ ਗਏ ਲੋਕਾਂ ਨੂੰ ਸਮਾਜ ਛੇਤੀ ਕਿਤੇ ਕਬੂਲਿਆ ਨਹੀਂ ਸੀ ਕਰਦਾ, ਅਜਿਹੇ ਲੋਕਾਂ ਕੋਲੋਂ ਅਕਸਰ ਹੀ ਹਰ ਬੰਦਾ ਦੂਰੀ ਬਣਾ ਕੇ ਰਹਿਣਾ ਪਸੰਦ ਕਰਦਾ ਸੀ, ਅਖ਼ੇ ਇਸ ਦਾ ਕੀ ਭਰੋਸਾ, ਇਹ ਤਾਂ ਪਹਿਲਾਂ ਹੀ ਜੇਲ੍ਹ ਦੀ ਰੋਟੀ ਖ਼ਾਕੇ ਆਇਆ ਹੈ ਯਾਨੀ ਕਿ ਜੇਲ੍ਹ ਕੱਟ ਕੇ ਆਇਆ ਹੈ।  

ਲੇਕਿਨ ਹੁਣ ਇਹ ਸਾਰੀਆਂ ਗੱਲਾਂ ਬੀਤੇ ਸਮੇਂ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਜਾਪਦੀਆਂ ਹਨ, ਕਿਉਂਕਿ ਜੇਲ੍ਹ ਦੀ ਰੋਟੀ ਖਾਣ ਲਈ ਜੇਲ੍ਹ ਦੇ ਅੰਦਰ ਜਾਣ ਦੀ ਲੋੜ ਨਹੀਂ ਬਲਕਿ ਜੇਲ੍ਹ ਦੇ ਬਾਹਰ ਰਹਿ ਕੇ ਵੀ ਖਾਧੀ ਜਾ ਸਕਦੀ ਹੈ। ਪੰਜਾਬ ਦੇ ਜੇਲ੍ਹ ਵਿਭਾਗ ਨੇ ਇਸ ਨਿਵੇਕਲੀ ਸ਼ੁਰੂਆਤ ਪਟਿਆਲਾ ਜੇਲ੍ਹ ਤੋਂ ਕਰ ਦਿੱਤੀ ਹੈ। ਹੁਣ ਜੇਲ੍ਹ ਘਰ ਦਾ ਬਣਿਆ ਖਾਣਾ ਬੜੀ ਅਸਾਨੀ ਨਾਲ ਅਤੇ ਬੜੇ ਹੀ ਕਿਫ਼ਾਇਤੀ ਰੇਟਾਂ 'ਤੇ ਆਮ ਲੋਕਾਂ ਨੂੰ ਵੀ ਮੁਹੱਈਆ ਕਰਵਾਇਆ ਜਾਵੇਗਾ। 

ਜੀ ਹਾਂ, ਇਹ ਗੱਲ ਸੋਲ੍ਹਾਂ ਆਨੇ ਸੱਚ ਹੈ, ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਜੇਲ੍ਹ ਦੇ ਮੁੱਖ ਗੇਟ ਦੇ ਨੇੜੇ ਮਾਰਕਫੈੱਡ ਅਤੇ ਵੇਰਕਾ ਦੇ ਬੂਥਾਂ ਦੀ ਅਰੰਭਤਾ ਕਰਨ ਲੱਗਿਆਂ ਇਸ ਯੋਜਨਾਂ ਦਾ ਸ਼੍ਰੀ ਗਣੇਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ, ਪਟਿਆਲਾ ਕੇਂਦਰੀ ਸੁਧਾਰ ਘਰ ਦੇ ਮੁੱਖ ਦੁਆਰ 'ਤੇ ਖੋਲੇ ਗਏ ਮਾਰਕਫੈੱਡ ਅਤੇ ਵੇਰਕਾ ਬੂਥਾਂ ਦੀ ਸੰਭਾਲ ਤੇ ਸਮਾਨ ਦੀ ਵੇਚ-ਵੱਟਣ ਜੇਲ੍ਹ ਦੇ ਚੰਗੇ ਆਚਰਨ 'ਤੇ ਵਿਵਹਾਰ ਵਾਲੇ ਕੈਦੀ ਹੀ ਕਰਨਗੇ। ਇਨ੍ਹਾਂ ਬੂਥਾਂ 'ਤੇ ਜੇਲ੍ਹ ਦੇ ਕਿੱਤਾ ਮੁਖੀ ਕੇਂਦਰ ਰਾਹੀਂ ਜੇਲ੍ਹ ਅੰਦਰ ਬਣੇ ਖਾਣੇ ਦੀ ਥਾਲ਼ੀ ਕੇਵਲ 90 ਰੁਪਏ ਦੀ ਕੀਮਤ 'ਤੇ ਆਮ ਲੋਕਾਂ ਤੇ ਬੰਦੀਆਂ ਦੇ ਮੁਲਾਕਾਤੀਆਂ ਲਈ ਮੁਹੱਈਆ ਕਰਵਾਈ ਜਾਵੇਗੀ, ਉੱਥੇ ਹੀ ਜੇਲ੍ਹ ਅੰਦਰ ਕੈਦੀਆਂ ਵੱਲੋਂ ਬਣਾਏ ਗਏ ਖੇਸ, ਦਰੀਆਂ, ਚਾਦਰਾਂ, ਪੱਖੀਆਂ, ਫੁਲਕਾਰੀਆਂ, ਫਾਈਲ ਕਵਰ, ਲਿਫ਼ਾਫ਼ਿਆਂ ਸਮੇਤ ਹੋਰ ਸਾਜੋ-ਸਮਾਨ ਨੂੰ ਵੀ ਵੇਚਿਆ ਜਾਵੇਗਾ ਅਤੇ ਇਹ ਉਤਪਾਦ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਵੀ ਦਿੱਤੇ ਜਾਣਗੇ।

ਰੰਧਾਵਾ ਨੇ ਦੱਸਿਆ ਕਿ, ਅਜਿਹਾ ਲੋਕਾਂ ਦੀ ਮੰਗ 'ਤੇ ਨਹੀਂ, ਬਲਕਿ ਇਹ ਸਭ ਕੈਦੀਆਂ ਦੀ ਭਲਾਈ ਲਈ ਕੀਤਾ ਗਿਆ ਹੈ ਕਿਉਂਕਿ ਇੱਥੋਂ ਹੋਣ ਵਾਲਾ ਮੁਨਾਫ਼ਾ ਕੈਦੀਆਂ ਦੀ ਭਲਾਈ ਅਤੇ ਜੇਲ੍ਹਾਂ 'ਚ ਬੰਦ ਔਰਤਾਂ ਅਤੇ ਉਨ੍ਹਾਂ ਦੇ ਨਾਲ ਰਹਿਣ ਵਾਲੇ ਛੋਟੇ ਬੱਚਿਆਂ ਦੀ ਬਿਹਤਰੀ ਲਈ ਖ਼ਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ, ਦੇਸ਼ ਦੇ ਹੋਰਨਾਂ ਰਾਜਾਂ ਦੀ ਤਰਾਂ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਬੰਦੀਆਂ ਦੀ ਭਲਾਈ ਲਈ ਵੀ ਭਲਾਈ ਬੋਰਡ ਬਣਾਉਣ ਲਈ ਤਜਵੀਜ਼ ਬਣਾਈ ਗਈ ਹੈ ਤਾਂ ਕਿ ਜੇਲ੍ਹਾਂ ਆਪਣੀ ਮਦਦ ਖ਼ੁਦ ਕਰ ਸਕਣ। ਮੰਤਰੀ ਦਾ ਕਹਿਣਾ ਹੈ ਕਿ, ਅਜਿਹੇ ਉਪਰਾਲੇ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਜੇਲ੍ਹਾਂ ਵਿੱਚ ਵੀ ਕੀਤੇ ਜਾਣਗੇ।