ਜੇਕਰ ਹੁਣ ਨਾ ਸੁਧਰੇ ਤਾਂ ਨਿਕਲਣਗੇ ਮਾੜੇ ਨਤੀਜੇ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 10 2018 15:11

ਭਾਰਤ ਦਾ ਅੱਜ ਕੋਈ ਐਸਾ ਰਾਜ ਨਹੀਂ, ਜਿੱਥੇ ਪ੍ਰਦੂਸ਼ਣ ਦਾ ਬੋਲਬਾਲਾ ਨਾ ਹੋਵੇ। ਭਾਰਤ ਦੇ ਹਰ ਰਾਜ, ਜ਼ਿਲ੍ਹੇ ਅਤੇ ਕਸਬੇ ਤੋਂ ਇਲਾਵਾ ਪਿੰਡਾਂ ਵਿੱਚ ਪ੍ਰਦੂਸ਼ਣ ਇਨ੍ਹਾਂ ਜ਼ਿਆਦਾ ਹੋਇਆ ਪਿਆ ਹੈ ਕਿ ਉੱਥੇ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਹੈ। ਹਰ ਵਿਅਕਤੀ ਅੱਜ ਪ੍ਰਦੂਸ਼ਣ ਦੀ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਿਹਾ ਹੈ। ਹਾਲਾਂਕਿ ਮਨੁੱਖ ਨੂੰ ਪਤਾ ਵੀ ਹੈ ਕਿ ਪ੍ਰਦੂਸ਼ਣ ਫੈਲਾਉਣ ਦਾ ਮੁੱਖ ਦੋਸ਼ੀ ਉਹ ਖ਼ੁਦ ਹੀ ਹੈ, ਪਰ..!! ਫਿਰ ਵੀ ਉਹ ਦੂਜਿਆਂ 'ਤੇ ਚਿੱਕੜ ਸੁੱਟ ਰਿਹਾ ਹੈ। ਅੱਜ ਕੋਈ ਐਹੋ ਜਿਹਾ ਮਨੁੱਖ ਨਹੀਂ ਹੋਣਾ, ਜਿਸ ਦੇ ਮੂੰਹ 'ਤੇ ਪ੍ਰਦੂਸ਼ਣ ਸ਼ਬਦ ਨਾ ਹੋਵੇ, ਹਰ ਕੋਈ ਅੱਜ ਇਸ ਤੋਂ ਦੁਖੀ ਹੈ। ਵੇਖਿਆ ਜਾਵੇ ਤਾਂ ਪ੍ਰਦੂਸ਼ਣ ਦਾ ਅਸਲ ਵਿੱਚ ਮਤਲਬ ਹੁੰਦਾ ਹੈ ਜਦੋਂ 'ਗੰਧਲਾਪਨ' ਆ ਜਾਏ ਅਤੇ ਸ਼ੁੱਧ ਵਾਤਾਵਰਨ ਗਾਇਬ ਹੋ ਜਾਵੇ।

ਦੋਸਤੋਂ, ਕੁਦਰਤ ਨੇ ਮਨੁੱਖ ਨੂੰ ਜਿੰਦਗੀ ਜਿਊਣ ਦੇ ਲਈ ਸਭ ਕੁਝ ਸਾਫ਼ ਸੁਥਰਾ ਦਿੱਤਾ ਸੀ, ਪਰ ਮਨੁੱਖੀ ਨੇ ਆਪਣੀਆਂ ਕਈ ਬੇਲੋੜੀਆਂ ਲੋੜਾਂ ਪੂਰੀਆਂ ਕਰਨ ਦੀ ਖ਼ਾਤਰ ਕੁਦਰਤ ਵੱਲੋਂ ਬਣਾਏ ਗਏ ਨਿਯਮਾਂ ਵਿੱਚ ਆਪਣੀਆਂ ਲੱਤਾਂ ਫਸਾਂ ਦਿੱਤੀਆਂ। ਜਿਸ ਕਾਰਨ ਕੁਦਰਤ ਤੋਂ ਮਿਲੇ ਸਾਫ਼ ਪਾਣੀ, ਹਵਾ ਅਤੇ ਹੋਰ ਸਰੋਤ ਜੋ ਮਨੁੱਖ ਨੂੰ ਜਿੰਦਗੀ ਜਿਊਣ ਦੀ ਜਾਚ ਸਿਖਾਉਣ ਤੋਂ ਇਲਾਵਾ ਜਿੰਦਗੀ ਜਿਊਣ ਵਿੱਚ ਹੋਰ ਮਦਦ ਕਰਦੇ ਹਨ ਦਾ ਮਨੁੱਖ ਨੇ ਹੀ ਇਨ੍ਹਾਂ ਜ਼ਿਆਦਾ ਮੰਦੜਾ ਹਾਲ ਕਰਕੇ ਰੱਖ ਦਿੱਤਾ ਹੈ ਕਿ ਹੁਣ ਕੁਦਰਤ ਵੀ ਮਨੁੱਖ ਹੱਥੋਂ ਦੁਖੀ ਹੋ ਕੇ ਜ਼ਹਿਰੀਲੀਆਂ ਗੈਸਾਂ ਹੀ ਮਨੁੱਖ ਨੂੰ ਦੇ ਰਹੀ ਹੈ। ਅੱਜ ਧਰਤੀ ਮਾਂ ਦਾ ਪੁੱਤਰ ਹੀ ਧਰਤੀ ਮਾਂ ਦਾ ਦੁਸ਼ਮਣ ਬਣ ਬੈਠਿਆਂ ਹੈ, ਜੋ ਪਹਿਲੋਂ ਖ਼ੁਦ ਮਾਂ ਨੂੰ ਜ਼ਹਿਰ ਪਿਲਾਉਂਦਾ ਹੈ ਅਤੇ ਬਾਅਦ ਵਿੱਚ ਉਹੀ ਜ਼ਹਿਰ ਪੀ ਕੇ ਖ਼ੁਦ ਮਰ ਜਾਂਦਾ ਹੈ। 

ਦੱਸ ਦਈਏ ਕਿ ਭਾਰਤ ਦੇ ਵੱਡੇ ਸ਼ਹਿਰ ਜਿਵੇਂ ਮੁੰਬਈ, ਦਿੱਲੀ, ਲੁਧਿਆਣਾ ਤੇ ਹੋਰ ਮਹਾਂ ਨਗਰਾਂ ਵਿੱਚ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਸਾਹ ਦੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਦੀ ਭਰਮਾਰ ਹੈ। ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਬਣੇ ਹੋਏ ਹਨ, ਪਰ..!! ਪ੍ਰਦੂਸ਼ਣ 'ਤੇ ਕੰਟਰੋਲ ਨਹੀਂ ਹੋ ਰਿਹਾ। ਇਸ ਵਿੱਚ ਵਿਭਾਗਾਂ ਦੀਆਂ ਕੁਤਾਹੀਆਂ ਵੱਡਾ ਕਾਰਨ ਕਿਹਾ ਜਾ ਸਕਦਾ ਹੈ, ਕਿਉਂਕਿ ਜਿੰਨਾ ਚਿਰ ਵਿਭਾਗ ਆਪਣੀ ਸਖ਼ਤੀ ਨਹੀਂ ਵਿਖਾਉਂਦਾ ਉਨ੍ਹਾਂ ਸਮਾਂ ਪ੍ਰਦੂਸ਼ਣ ਫੈਲਾਉਣ ਵਾਲਾ ਵੀ ਬੇ-ਡਰ ਹੋ ਕੇ ਆਪਣਾ ਕੰਮ ਚਲਾਈ ਜਾਂਦਾ ਹੈ। "ਕੁਦਰਤ ਨੇ ਮਨੁੱਖ ਨੂੰ ਧਰਤੀ 'ਤੇ ਰਹਿਣ ਵਾਸਤੇ ਉਸ ਦੀਆਂ ਜਰੂਰਤਾਂ ਮੁਤਾਬਿਕ ਸਭ ਕੁਝ ਦਿੱਤਾ ਹੈ, ਪਰ..!! ਇਸ ਦੇ ਬਦਲੇ ਮਨੁੱਖ ਨੇ ਕੁਦਰਤ ਨੂੰ ਸਿਵਾਏ ਜ਼ਹਿਰ ਤੋਂ ਕੁਝ ਨਹੀਂ ਦਿੱਤਾ"!!

ਹੁਣ ਅਸੀਂ ਆਪਣੀਆਂ ਅਤੇ ਆਪਣਿਆਂ ਦੀਆਂ ਗਲਤੀਆਂ 'ਤੇ ਕੁਤਾਹੀਆਂ ਬਾਰੇ ਵੇਖਦੇ ਹਾਂ ਕਿ ਕਿਵੇਂ ਪ੍ਰਦੂਸ਼ਣ ਫੈਲਿਆ ਅਤੇ ਫੈਲਾਇਆ ਅਤੇ ਕਿਵੇਂ ਲੋਕਾਂ ਦਾ ਜਿਊਣਾ ਔਖਾ ਕੀਤਾ ਹੈ? ਜੇਕਰ ਆਪਾਂ ਗੱਲ ਪਾਣੀ ਪ੍ਰਦੂਸ਼ਿਤ ਦੀ ਕਰੀਏ ਤਾਂ ਇਸ ਵਿੱਚ ਆਮ ਬੰਦਾ ਤਾਂ ਦੋਸ਼ੀ ਹੈ ਹੀ ਨਾਲ ਹੀ ਕੁਝ ਧਨਾਂਡ ਕੰਪਨੀਆਂ ਅਤੇ ਫ਼ੈਕਟਰੀਆਂ ਦੇ ਮਾਲਕ ਵੀ ਦੋਸ਼ੀ ਹਨ। ਫ਼ੈਕਟਰੀਆਂ ਵਿੱਚੋਂ ਨਿਕਲਦੇ ਜ਼ਹਿਰੀਲੇ ਕੈਮੀਕਲ ਜਦੋਂ ਸ਼ੁੱਧ ਪਾਣੀ ਵਿੱਚ ਮਿਲਦੇ ਹਨ ਤਾਂ ਪਾਣੀ ਨੂੰ ਜ਼ਹਿਰ ਬਣਾ ਕੇ ਉਸ ਦਾ ਰੰਗ ਬਦਲ ਦਿੰਦੇ ਹਨ। ਜੇਕਰ ਕੋਈ ਮਨੁੱਖ ਜਾਂ ਫਿਰ ਪਸ਼ੂ-ਪੰਛੀ ਉਹ ਪਾਣੀ ਪੀਂਦੇ ਹਨ ਤਾਂ ਕੁਝ ਸਮੇਂ ਬਾਅਦ ਹੀ ਪ੍ਰਾਣ ਤਿਆਗ ਜਾਂਦੇ ਹਨ। ਅੱਜ ਧਰਤੀ ਹੇਠਲਾ ਪਾਣੀ ਸਿਰਫ਼ ਕਿਸਾਨ ਕਰਕੇ ਗੰਦਲਾ ਨਹੀਂ ਹੋਇਆ, ਸਗੋਂ ਫ਼ੈਕਟਰੀਆਂ ਦੁਆਰਾ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਜ਼ਹਿਰੀਲੇ ਕੈਮੀਕਲ ਦੇ ਨਾਲ ਪਾਣੀ ਗੰਦਲਾ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਲੱਗ ਰਹੀਆਂ ਹਨ। 

ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੀਆਂ ਫ਼ੈਕਟਰੀਆਂ ਦੀ ਗੱਲ ਕਰੀਏ ਤਾਂ ਇੱਥੇ ਜਿੰਨੀਆਂ ਵੀ ਫ਼ੈਕਟਰੀਆਂ ਹਨ ਦਾ ਪਾਣੀ ਅਤੇ ਗੰਦਗੀ ਸਤਲੁੱਜ ਵਿੱਚ ਵੀ ਸੁੱਟੀ ਜਾ ਰਹੀ ਹੈ। ਇਸ ਨਾਲ ਜਿੱਥੇ ਸਤਲੁੱਜ ਦਰਿਆ ਗੰਦਲਾ ਹੋਇਆ ਹੈ, ਉੱਥੇ ਹੀ "ਬੁੱਢਾ ਨਾਲਾ ਵੀ ਹੁਣ ਗੰਦੇ ਨਾਲੇ ਵਿੱਚ" ਬਦਲ ਗਿਆ। ਵੱਡੇ ਸ਼ਹਿਰਾਂ ਵਿੱਚ ਸੀਵਰੇਜ ਭਾਵੇਂ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਪਰ ਜਿਹੜੇ ਸੀਵਰੇਜ ਟਰੀਟਮੈਂਟ ਪਲਾਂਟ ਲੱਗਦੇ ਹਨ ਉਹ ਸਿਰਫ਼ ਤੇ ਸਿਰਫ਼ ਵਿਖਾਵੇ ਲਈ ਹੀ ਲੱਗਦੇ ਹਨ। ਵੇਖਿਆ ਜਾਵੇ ਤਾਂ ਹੁਣ ਜਿੰਨੇ ਵੀ ਬਰਸਾਤੀ ਨਾਲੇ ਰਹਿ ਗਏ ਹਨ, ਉਹ ਸੀਵਰੇਜ ਦੀ ਗੰਦਗੀ ਪਾਉਣ ਵਾਸਤੇ ਹੀ ਰਹਿ ਗਏ ਹਨ। ਵੇਖਿਆ ਜਾਵੇ ਤਾਂ ਜਿੰਨੇ ਮਰਜ਼ੀ ਪੰਜਾਬ ਅੰਦਰ ਵਿਭਾਗ ਬਣ ਜਾਣ, ਬੋਰਡ ਬਣ ਜਾਣ ਜਿੰਨੀ ਦੇਰ ਕਥਿਤ ਤੌਰ 'ਤੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਹੈ, ਉਨ੍ਹਾਂ ਸਮਾਂ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ।

ਦੂਜੇ ਪਾਸੇ ਵੱਧ ਰਹੀ ਆਬਾਦੀ ਨੇ ਸ਼ਹਿਰਾਂ ਵਿੱਚ ਵੱਖਰੀਆਂ ਅਤੇ ਪਿੰਡਾਂ ਵਿੱਚ ਵੱਖਰੀਆਂ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਹਨ। ਵਧੇਰੇ ਸਪਰੇਅ ਅਤੇ ਖਾਦਾਂ ਨੇ ਜ਼ਮੀਨ ਜ਼ਹਿਰੀਲੀ ਕਰ ਦਿੱਤੀ ਹੈ ਅਤੇ ਗੰਦਾ ਪਾਣੀ ਜਲ ਸਰੋਤਾਂ ਵਿੱਚ ਸੁੱਟਣ ਨਾਲ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਵੱਡੇ-ਵੱਡੇ ਉਦਯੋਗ ਲੱਗੇ ਅਤੇ ਉਨ੍ਹਾਂ ਵਿੱਚੋਂ ਨਿਕਲਣ ਵਾਲੇ ਧੂੰਏਂ ਨੇ ਹਵਾ ਗੰਧਲੀ ਕਰ ਦਿੱਤੀ ਹੈ। ਮਨੁੱਖ ਨੇ ਆਪਣੇ ਸਵਾਰਥ ਲਈ ਅਤੇ ਲਾਪਰਵਾਹੀਆਂ ਕਰਕੇ ਪਾਣੀ ਗੰਧਲਾ ਕਰ ਲਿਆ ਤੇ ਵਾਤਾਵਰਣ ਵੀ ਦੂਸ਼ਿਤ ਕਰ ਲਿਆ। ਇਸ ਨਾਲ ਉਸ ਨੇ ਆਪਣੇ ਵਾਸਤੇ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਮਾਣਯੋਗ ਸਰਵ ਉੱਚ ਅਦਾਲਤ ਨੇ ਵੀ ਰਾਤ ਨੂੰ 10 ਵਜੇ ਤੋਂ ਬਾਅਦ ਸਪੀਕਰ ਉੱਚੀ ਆਵਾਜ਼ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ ਅਤੇ ਇਵੇਂ ਹੀ ਸਵੇਰੇ 6 ਵਜੇ ਤੋਂ ਪਹਿਲੋਂ ਲਗਾਉਣ ਦੀ ਮਨਾਹੀ ਹੈ, ਪਰ..!! ਕੋਈ ਪ੍ਰਵਾਹ ਨਹੀਂ ਕਰਦਾ। ਇਸ ਵਿੱਚ ਕਿਧਰੇ ਪ੍ਰਸ਼ਾਸਨ ਵੀ ਕੁਤਾਹੀ ਵਰਤ ਰਿਹਾ ਹੈ। ਦੂਜੇ ਪਾਸੇ ਭੂਮੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਖਾਦਾਂ ਅਤੇ ਸਪਰੇਅ ਨੇ ਜ਼ਮੀਨ ਵੀ ਜ਼ਹਿਰੀਲੀ ਕਰ ਦਿੱਤੀ ਹੈ। ਸੋ ਲੋੜ ਹੈ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ, ਕਿਉਂਕਿ ਜਿਸ ਹਿਸਾਬ ਨਾਲ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਹੁਣ ਉਹ ਦਿਨ ਦੂਰ ਨਹੀਂ, ਜਦੋਂ ਧਰਤੀ 'ਤੇ ਮਨੁੱਖ ਦਾ ਨਹੀਂ ਬਲਕਿ ਪ੍ਰਦੂਸ਼ਣ ਦਾ ਰਾਜ ਹੋਵੇਗਾ। ਇਸ ਲਈ ਸਾਨੂੰ ਕੁਦਰਤ ਦੇ ਬਣਾਏ ਨਿਯਮਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਨੀਵੇਂ ਹੋ ਰਹੇ ਪਾਣੀਆਂ ਨੂੰ ਬਚਾਉਣਾ ਚਾਹੀਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।