ਕਿਤੇ ਬਲੀ ਦਾ ਬੱਕਰਾ ਤਾਂ ਨਹੀਂ ਬਣ ਗਿਆ ਥਾਣੇਦਾਰ ਨਰਿੰਦਰ ਸਿੰਘ? (ਨਿਊਜ਼ਨੰਬਰ ਖਾਸ ਖਬਰ)

Last Updated: Aug 10 2018 14:57

ਪੰਜਾਬ ਪੁਲਿਸ ਦੀ ਤੁਲਨਾ ਅਗਰ ਇੱਕ ਮੰਦਰ ਦੇ ਘੰਟੇ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਕੋਈ ਅਤਿ-ਕਥਨੀ ਨਹੀਂ ਹੋਵੇਗੀ, ਕਿਉਂਕਿ ਇੱਕ ਮੰਦਰ ਦਾ ਘੰਟਾ ਹੀ ਹੁੰਦਾ ਹੈ, ਜਿਸਨੂੰ ਕਿ ਚੋਰ -ਸਾਧ, ਸਿਆਸੀ ਆਗੂ-ਧਰਮਾਂ ਦੇ ਠੇਕੇਦਾਰ, ਪੱਤਰਕਾਰ ਅਤੇ ਇੱਥੋਂ ਤੱਕ ਕਿ, ਕਈ ਵਾਰ ਖ਼ੁਦ ਪੁਲਿਸ ਵਾਲੇ ਵੀ ਖੂਬ ਦੱਬ ਕੇ ਵਜਾਉਂਦੇ ਹਨ, ਬੱਸ ਇੱਕ ਵਾਰ ਹੱਥ 'ਚ ਆਉਣਾ ਚਾਹੀਦੈ। ਇਹ ਸੋਚਣ ਦੀ ਕੋਈ ਵੀ ਜ਼ਹਿਮਤ ਨਹੀਂ ਕਰਦਾ ਕਿ, ਬੇਕਸੂਰ ਤੇ ਪੀੜਤ ਹਮੇਸ਼ਾ ਜਨਤਾ ਹੀ ਨਹੀਂ, ਪੁਲਿਸ ਵਾਲੇ ਵੀ ਹੋ ਸਕਦੇ ਹਨ।

ਸ਼ਾਇਦ, ਕੁਝ ਅਜਿਹਾ ਹੀ ਹੋਇਆ ਹੋ ਸਕਦਾ ਹੈ, ਥਾਣਾ ਸਨੌਰ ਦੇ ਏ.ਐੱਸ.ਆਈ. ਨਰਿੰਦਰ ਸਿੰਘ ਦੇ ਨਾਲ ਵੀ, ਜਿਸਨੂੰ ਕਿ ਪੁਲਿਸ ਅਧਿਕਾਰੀਆਂ ਨੇ ਪਤਾ ਨਹੀਂ ਕਿਹਨਾਂ ਮਜਬੂਰੀਆਂ ਦੇ ਚਲਦਿਆਂ ਪਹਿਲਾਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ, ਫ਼ਿਰ ਉਸਦੇ ਖ਼ਿਲਾਫ਼ ਪਰਚਾ ਦੇ ਦਿੱਤਾ ਅਤੇ ਫ਼ਿਰ ਉਸ ਖ਼ਿਲਾਫ਼ ਮੈਜਿਸਟ੍ਰੇਟੀ ਜਾਂਚ ਖ਼ੋਲ ਦਿੱਤੀ। ਇਹ ਵੀ ਗੱਲ ਪੂਰੇ ਯਕੀਨ ਦੇ ਨਾਲ ਨਹੀਂ ਆਖ਼ੀ ਜਾ ਸਕਦੀ ਕਿ, ਆਉਣ ਵਾਲੇ ਦਿਨਾਂ ਵਿੱਚ ਇਸੇ ਦਬਾਅ ਕਾਰਨ ਨਰਿੰਦਰ ਸਿੰਘ ਨੂੰ ਨੌਕਰੀ ਤੋਂ ਹੱਥ ਨਹੀਂ ਧੋਣੇ ਪੈਣਗੇ। ਅਗਰ ਹਕੀਕਤ ਨੂੰ ਨਜ਼ਰ ਅੰਦਾਜ਼ ਸਿਆਸੀ ਲੋਕਾਂ ਨੇ ਕੀਤਾ ਹੈ ਤਾਂ, ਕਸਰ ਕੋਈ ਮੀਡੀਆ ਵਾਲਿਆਂ ਨੇ ਵੀ ਨਹੀਂ ਛੱਡੀ, ਜਿਹਨਾਂ ਦੀਆਂ ਨਜ਼ਰਾਂ ਵਿੱਚ ਕਿਸੇ ਦੀ ਜਾਨ ਜਾਂ ਨੌਕਰੀ ਨਾਲੋਂ ਖ਼ਬਰ ਦੀ ਅਹਿਮੀਅਤ ਵੱਧ ਹੁੰਦੀ ਹੈ, ਸਿਰਫ਼ ਖ਼ਬਰ ਦੀ।

ਬਹੁਤੇ ਅਖ਼ਬਾਰਾਂ ਅਤੇ ਟੀ.ਵੀ. ਚੈਨਲ ਵਾਲਿਆਂ (ਸਾਰਿਆਂ ਨੇ ਨਹੀਂ) ਨੇ ਸਨੌਰ ਦੇ ਏ.ਐੱਸ.ਆਈ. ਨਰਿੰਦਰ ਸਿੰਘ ਦੀ ਛਵੀ ਨੂੰ ਇੰਝ ਬਣਾ ਕੇ ਪੇਸ਼ ਕੀਤਾ ਜਿਵੇਂਕਿ, ਉਹ ਏ.ਐੱਸ.ਆਈ. ਨਾ ਹੋ ਕੇ ਕੋਈ ਗੈਂਗਸਟਰ ਜਾਂ ਗੁੰਡਾ ਹੋਵੇ। ਸੋਸ਼ਲ ਮੀਡੀਆ ਤੇ ਲੋਕਾਂ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਥਾਣੇਦਾਰ ਨਰਿੰਦਰ ਸਿੰਘ ਦੀ ਵਰਦੀ ਵਾਲੀ ਫ਼ੋਟੋ ਲਗਾ ਕੇ ਉਸਨੂੰ ਬੁੱਚੜ ਤੱਕ ਵੀ ਆਖ਼ ਦਿੱਤਾ ਜਿਹੜੀਆਂ ਲੋਕਾਂ ਨੇ ਉਸਨੂੰ ਮਾਵਾਂ ਭੈਣਾਂ ਦੀਆਂ ਗਾਹਲਾਂ ਕੱਢੀਆਂ ਉਹ ਵੱਖ਼ਰੀਆਂ।

ਦੋਸਤੋ, ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਸਾਨੂੰ ਕਿਸੇ ਵੀ ਨਤੀਜੇ ਤੇ ਪਹੁੰਚ ਤੋਂ ਪਹਿਲਾਂ, ਉਸਦਾ ਦੂਜਾ ਪਹਿਲੂ ਵੀ ਜ਼ਰੂਰ ਜਾਣ ਲੈਣਾ ਚਾਹੀਦਾ ਹੈ, ਖ਼ਾਸ ਕਰਕੇ ਮੀਡੀਆ ਵਾਲਿਆਂ ਨੂੰ ਤਾਂ ਜ਼ਰੂਰ। ਸਿਆਸੀ ਲੋਕਾਂ ਦੀ ਗੱਲ ਛੱਡੋ, ਉਹਨਾਂ ਦਾ ਕੰਮ ਤਾਂ ਹੀ ਹੁੰਦਾ ਹੈ ਗਿਰਗਟ ਵਾਂਗ ਰੰਗ ਬਦਲਣਾ, ਉਹ ਕਦੋਂ ਪੁਲਿਸ ਵਾਲਿਆਂ ਦੇ ਗੋਗੇ ਗਾਉਣ ਲੱਗ ਪੈਂਦੇ ਹਨ ਤੇ ਕਦੋਂ ਉਹਨਾਂ ਨੂੰ ਗਾਹਲਾਂ ਦਾ ਪ੍ਰਸ਼ਾਦ ਛਕਾ ਦੇਣ, ਕਹਿਣਾ ਮੁਸ਼ਕਿਲ ਹੁੰਦਾ ਹੈ।

ਆਪਾਂ ਗੱਲ ਕਰ ਰਹੇ ਸੀ, ਸਿੱਕੇ ਦੇ ਦੂਜੇ ਪਹਿਲੂ ਦੀ ਤਾਂ, ਕਿਸੇ ਨੇ ਵੀ ਇਸ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ, ਆਖ਼ਰ ਘਟਨਾ ਵਾਲੀ ਉਸ ਰਾਤ ਹੋਇਆ ਕੀ ਸੀ? ਸਮਾਂ ਰਾਤ ਦੇ ਲਗਭਗ ਪੌਣੇ ਬਾਰਾਂ ਵਜੇ, ਪੁਲਿਸ ਪਾਰਟੀ ਇੱਕ ਮੋਟਰਸਾਈਕਲ ਅਤੇ ਦੋ ਐਕਟਿਵਾ ਸਕੂਟਰੀਆਂ ਤੇ ਸਵਾਰ ਸੱਤ ਨੌਜਵਾਨਾਂ ਨੂੰ ਪੁੱਛਗਿੱਛ ਲਈ ਰੋਕਦੀ ਹੈ। ਮੌਕੇ ਤੇ ਕੀ ਕੁਝ ਹੋਇਆ, ਉਹ ਸਾਰੀ ਵੀਡੀਓ ਅੱਜ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਸਭ ਕੁਝ ਸਾਫ਼-ਸਾਫ਼ ਨਜ਼ਰ ਆ ਵੀ ਆ ਰਿਹਾ ਹੈ ਅਤੇ ਸੁਣਾਈ ਵੀ ਦੇ ਰਿਹਾ ਹੈ, ਕਿ ਕੌਣ ਕਿੰਨਾ ਕਸੂਰਵਾਰ ਹੈ, ਪੁਲਿਸ ਵਾਲੇ ਜਾਂ ਉਕਤ ਸੱਤੇ ਨੌਜਵਾਨ।

ਵੀਡੀਓ ਵਿੱਚ ਅਗਰ ਪੁਲਿਸ ਦੀਆਂ ਗਾਹਲਾਂ ਵੀ ਸੁਣਾਈ ਦੇ ਰਹੀਆਂ ਹਨ ਤਾਂ ਘੱਟ ਕੋਈ ਉਕਤ ਨੌਜਵਾਨ ਵੀ ਨਹੀਂ ਗੁਜ਼ਾਰਦੇ ਵਿਖ਼ਾਈ ਦੇ ਰਹੇ। ਉਹ ਵੀ ਪੁਲਿਸ ਨੂੰ ਪੂਰੀ ਤਰ੍ਹਾਂ ਨਾਲ ਬਹੇ ਕੜਾਹ ਵਾਂਗੂੰ ਲੈਂਦੇ ਨਜ਼ਰ ਆ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਐੱਸ.ਐੱਚ.ਓ. ਨੇ ਸ਼ਰਾਬ ਪੀਤੀ ਹੈ, ਇਹ ਨਸ਼ੇ ਵਿੱਚ ਹੈ, ਕੋਈ ਕਹਿੰਦਾ ਹੈ ਇਸਨੂੰ ਮੋਟਰਸਾਈਕਲ ਦਾ ਨੰਬਰ ਨਜ਼ਰ ਨਹੀਂ ਆਉਂਦਾ, ਕੋਈ ਕਹਿੰਦੈ ਇਸਨੂੰ ਆਰ.ਸੀ. ਨਹੀਂ ਪੜਨੀ ਆਉਂਦੀ। ਮੌਕੇ ਤੇ ਇੱਕ ਹੋਰ ਸ਼ਖਸ ਵੀ ਨਜ਼ਰ ਆ ਰਿਹਾ ਹੈ, ਜਿਹੜਾ ਕਿ ਸਨੌਰ ਦਾ ਹੀ ਕੋਈ ਮੋਹਬਰ ਬੰਦਾ ਜਾਪਦਾ ਹੈ। ਏ.ਐੱਸ.ਆਈ. ਨਰਿੰਦਰ ਸਿੰਘ ਉਸਨੂੰ ਸੰਬੋਧਨ ਕਰਦਾ ਹੋਇਆ ਸੁਣਾਈ ਦਿੰਦਾ ਹੈ ਕਿ, ਤੇਰੇ ਕਰਕੇ ਅਸੀਂ ਪਹਿਲਾਂ ਵੀ ਤੇਰੇ ਭਤੀਜੇ ਨੂੰ ਦੋ ਵਾਰ ਛੱਡਿਆ ਹੈ, ਪਰ ਅੱਜ ਇਹਨਾਂ ਨੇ ਸਾਡੀ ਬੜੀ ਬੇਇੱਜ਼ਤੀ ਕੀਤੀ ਹੈ, ਸਾਨੂੰ ਚੋਰ ਦੱਸਿਆ ਹੈ, ਸ਼ਰਾਬੀ ਦੱਸਿਆ ਹੈ, ਅਸੀਂ ਇਹਨਾਂ ਦੇ ਖ਼ਿਲਾਫ਼ ਅੱਜ ਜ਼ਰੂਰ ਪਰਚਾ ਦੇਣਾ ਹੈ। ਇੰਨਾ ਕਹਿੰਦਿਆਂ ਉਹ ਫ਼ੜ ਕੇ ਨੌਜਵਾਨਾਂ ਨੂੰ ਗੱਡੀ ਵਿੱਚ ਬਿਠਾਉਣ ਲੱਗ ਪੈਂਦੇ ਹਨ।

ਅਗਰ ਗੱਲ ਏ.ਐੱਸ.ਆਈ. ਨਰਿੰਦਰ ਸਿੰਘ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ, ਜਦੋਂ ਉਕਤ ਨੌਜਵਾਨ ਆਪੇ ਤੋਂ ਬਾਹਰ ਹੋ ਗਏ ਤਾਂ ਪੁਲਿਸ ਪਾਰਟੀ ਉਹਨਾਂ ਦਾ ਚਲਾਨ ਕੱਟ ਕੇ ਉਹਨਾਂ ਦੇ ਖ਼ਿਲਾਫ਼ ਪਰਚਾ ਦੇਣ ਲਈ ਉਹਨਾਂ ਨੂੰ ਆਪਣੇ ਨਾਲ ਥਾਣਾ ਸਨੌਰ ਲੈ ਗਈ। ਨਰਿੰਦਰ ਸਿੰਘ ਦਾ ਦਾਅਵਾ ਹੈ ਕਿ, ਮੌਕੇ ਤੇ ਮੌਜੂਦ ਜਨਕ ਰਾਜ, ਜਿਹੜਾ ਕਿ ਸਨੌਰ ਦਾ ਮੋਹਬਰ ਬੰਦਾ ਹੋਣ ਦੇ ਨਾਲ-ਨਾਲ ਉਕਤ ਨੌਜਵਾਨਾਂ 'ਚੋਂ ਇੱਕ ਦਾ ਰਿਸ਼ਤੇਦਾਰ ਵੀ ਹੈ, ਉਹ ਸਾਰੇ ਨੌਜਵਾਨਾਂ ਨੂੰ ਉਹਨਾਂ ਕੋਲੋਂ ਲਿਖ਼ਤੀ ਮੁਆਫ਼ੀ ਮੰਗਵਾ ਕੇ ਰਾਤ ਨੂੰ ਹੀ ਆਪਣੇ ਨਾਲ ਲੈ ਗਿਆ ਸੀ। ਗੱਲਬਾਤ ਦੇ ਦੌਰਾਨ ਥਾਣੇਦਾਰ ਨਰਿੰਦਰ ਸਿੰਘ ਨੇ ਆਪਣੇ ਤੇ ਲੱਗੇ ਤਮਾਮ ਇਲਜਾਮਾਤ ਨੂੰ ਨਕਾਰਿਆ ਹੈ। ਇਸਦੇ ਬਾਅਦ ਜੋ ਕੁਝ ਹੋਇਆ ਉਹ ਸਾਰਾ ਤੁਹਾਡੇ ਸਾਹਮਣੇ ਹੈ। ਪਰ ਇਸ ਸਭ ਦੇ ਦੌਰਾਨ ਅਗਰ ਕਿਸੇ ਨੇ ਨੈਗਟਿਵ ਰੋਲ ਅਦਾ ਕੀਤਾ ਹੈ ਤਾਂ ਉਹ ਹੈ ਸਾਡਾ ਮੀਡੀਆ, ਜਿਸਨੇ ਕਿ ਸ਼ਾਇਦ, ਆਪਣੀ ਖ਼ਬਰ ਦੀ ਅਹਿਮੀਅਤ ਬਨਾਉਣ ਲਈ ਪੁਲਿਸ ਨੂੰ ਇੱਕ ਵਰਦੀ ਵਾਲਾ ਗੁੰਡਾ ਤੇ ਬੁੱਚੜ ਬਣਾ ਕੇ ਪੇਸ਼ ਕਰ ਦਿੱਤਾ।

ਦੋਸਤੋ, ਅਕਸਰ ਹੀ ਅਸੀਂ ਸਾਰੇ, ਪੰਜਾਬ ਪੁਲਿਸ ਦੀ ਤੁਲਨਾ ਵਿਦੇਸ਼ਾਂ ਦੀ ਪੁਲਿਸ ਨਾਲ ਕਰਦੇ ਹਾਂ। ਅਸੀਂ ਹਮੇਸ਼ਾ ਇਹੀ ਆਸ ਰੱਖ਼ਦੇ ਹਾਂ ਕਿ, ਸਾਡੀ ਪੁਲਿਸ ਵੀ ਵਿਦੇਸ਼ਾਂ ਵਾਂਗ ਹੀ ਕੰਮ ਕਾਜ ਕਰੇ, ਪਰ ਵਿਚਰਨਯੋਗ ਗੱਲ ਤਾਂ ਇਹ ਵੀ ਹੈ ਕਿ, ਕੀ ਕਦੇ ਅਸੀਂ ਆਪਣੀ ਸੋਚ ਬਦਲਣ ਦੀ ਕੋਸ਼ਿਸ਼ ਕੀਤੀ ਹੈ? ਇਹ ਸੱਚ ਹੈ ਕਿ, ਸਾਰੇ ਪੁਲਿਸ ਵਾਲੇ ਚੰਗੇ ਨਹੀਂ ਹੁੰਦੇ, ਪਰ ਇਹ ਉੱਤੋਂ ਵੀ ਵੱਡੀ ਸਚਾਈ ਹੈ ਕਿ, ਸਾਰੇ ਮਾੜੇ ਵੀ ਨਹੀਂ ਹੁੰਦੇ। ਕਿਸੇ ਦਾ ਸਾਈਕਲ-ਸਕੂਟਰ ਚੋਰੀ ਹੋ ਜਾਵੇ, ਕਿਸੇ ਦਾ ਕੁੱਤਾ ਚੋਰੀ ਹੋ ਜਾਵੇ, ਕਿਸੇ ਦੇ ਘਰ ਦੇ ਜਿੰਦਰੇ ਟੁੱਟ ਜਾਣ, ਕਿਸੇ ਦੀ ਜਨਾਨੀ ਭੱਜ ਜੇ, ਕਿਸੇ ਦੀ ਕੁੜੀ ਭੱਜ ਜਾਵੇ, ਕਸੂਰਵਾਰ ਅਸੀਂ ਹਮੇਸ਼ਾ ਪੁਲਿਸ ਵਾਲਿਆਂ ਨੂੰ ਹੀ ਠਹਿਰਾਉਂਦੇ ਹਾਂ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ, ਅੱਜ ਅਗਰ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਾਂ ਤਾਂ ਉਸ ਸਿਰਫ਼ ਇਸ ਵਾਸਤੇ ਕਿ, ਪੁਲਿਸ ਰਾਤ-ਰਾਤ ਜਾਗ ਕੇ ਗਸ਼ਤ ਕਰਦੀ ਹੈ। ਸਨੌਰ ਵਿੱਚ ਉਸ ਰਾਤ ਜੋ ਕੁਝ ਵੀ ਹੋਇਆ, ਸ਼ਾਇਦ ਉਹ ਠੀਕ ਨਹੀਂ ਹੋਇਆ, ਨਾ ਹੀ ਪੁਲਿਸ ਲਈ ਅਤੇ ਨਾ ਹੀ ਨੌਜਵਾਨਾਂ ਲਈ। ਇਹ ਸਭ ਕੁਝ ਉਸ ਦਿਨ ਸ਼ਾਇਦ ਨਹੀਂ ਸੀ ਹੋਣਾ, ਅਗਰ ਉਸ ਦਿਨ ਉਕਤ ਨੌਜਵਾਨ ਪੁਲਿਸ ਨਾਲ ਖ਼ਹਿਬੜਨ ਨਾਲੋਂ ਜਰਾ ਠਰੰਮੇ ਨਾਲ ਕੰਮ ਲੈਂਦਿਆਂ ਬਹਿਸਬਾਜੀ ਵਿੱਚ ਪੈਣ ਦੀ ਥਾਂ ਤੇ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੇਸ਼ ਕਰ ਦਿੰਦੇ। ਘੱਟੋ-ਘੱਟ ਉਹ ਉਸ ਗੁਰਦੁਆਰਾ ਸਾਹਿਬ ਵਿੱਚ ਪਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੀ ਅਮਲ ਕਰ ਲੈਂਦੇ ਜਿੱਥੋਂ ਕਿ, ਉਹ ਆਪਣੇ ਦਾਅਵੇ ਅਨੁਸਾਰ ਰਾਤ ਨੂੰ ਸੇਵਾ ਕਰਕੇ ਮੁੜ ਰਹੇ ਸਨ।

ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓਜ਼, ਪੁਲਿਸ ਵੱਲੋਂ ਕੀਤੀ ਐਲਾਨੀਆ ਤੇ ਖੁਫ਼ੀਆ ਪੜਤਾਲ ਦੇ ਬਾਅਦ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖ਼ੀ ਜਾ ਸਕਦੀ ਕਿ, ਉਸ ਰਾਤ ਸਨੌਰ ਥਾਣੇ ਵਿੱਚ ਨੌਜਵਾਨਾਂ ਨਾਲ ਕੋਈ ਵਧੀਕੀ ਨਹੀਂ ਹੋਈ ਹੋਵੇਗੀ ਅਤੇ ਇਹ ਗੱਲ ਵੀ ਪੂਰੇ ਯਕੀਨ ਨਾਲ ਨਹੀਂ ਆਖ਼ੀ ਜਾ ਸਕਦੀ ਕਿ, ਇਸ ਸਭ ਦੇ ਦਰਮਿਆਨ ਏ.ਐੱਸ.ਆਈ. ਨਰਿੰਦਰ ਸਿੰਘ ਵੀ ਬਲੀ ਦਾ ਬੱਕਰਾ ਨਹੀਂ ਬਣਿਆ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।