ਅਕਾਲੀ ਦਲ ਹਲਕਾ ਇੰਚਾਰਜ ਨੇ ਆਪਣੇ ਪੰਪ ਤੇ ਹੋਈ ਛਾਪੇਮਾਰੀ ਨੂੰ ਦੱਸਿਆ ਰਾਜਨੀਤਿਕ ਬਦਲਾਖੋਰੀ

Last Updated: Aug 10 2018 14:00

ਗਿੱਦੜਬਾਹਾ ਸ਼ਹਿਰ ਦੇ ਵਿੱਚ ਇੰਡੀਅਨ ਆਇਲ ਦਾ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਦੀ ਮਾਲਕੀ ਵਾਲਾ ਇੱਕ ਪੰਪ ਛਾਪੇਮਾਰੀ ਦੇ ਬਾਅਦ ਸੀਲ ਕਰ ਦਿੱਤਾ ਗਿਆ। ਇਸ ਮਾਮਲੇ ਤੇ ਬੋਲਦੇ ਹੋਏ ਅਕਾਲੀ ਆਗੂ ਹਰਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਹ ਸਾਰੀ ਕਾਰਵਾਈ ਬਦਲਾਖੋਰੀ ਦੀ ਰਾਜਨੀਤੀ ਤਹਿਤ ਹੋਈ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਕਾਂਗਰਸੀ ਆਗੂਆਂ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੇ ਹਲਕਾ ਵਿਧਾਇਕ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਛਾਪੇਮਾਰੀ ਬਾਰੇ ਕੁਝ ਵੀ ਨਹੀਂ ਪਤਾ ਅਤੇ ਉਨ੍ਹਾਂ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ।

ਦੱਸਣਯੋਗ ਹੈ ਕਿ ਇਸ ਪੰਪ ਤੇ ਕੱਲ੍ਹ ਦਿਨ ਸਮੇਂ ਫ਼ੂਡ ਸਪਲਾਈ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਕਰੀਬ ਅੱਧੇ ਦਿਨ ਦੀ ਜਾਂਚ ਦੇ ਬਾਅਦ ਦੇਰ ਸ਼ਾਮ ਇਸਨੂੰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਛਾਪੇਮਾਰੀ ਟੀਮ ਦੇ ਵੱਲੋਂ ਇਸ ਪੰਪ ਤੋਂ ਤੇਲ ਦੇ ਕਈ ਨਮੂਨੇ ਭਰੇ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਪੰਪ ਤੇ ਛਾਪੇਮਾਰੀ ਬਾਰੇ ਦੱਸਿਆ ਜਾਵੇ ਤਾਂ ਕੱਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਪ ਤੇ ਤੇਲ ਵਿੱਚ ਮਿਲਾਵਟ ਹੋਣ ਅਤੇ ਇੱਥੋਂ ਤੇਲ ਛੋਟੇ ਟੈਂਕਰਾਂ ਵਿੱਚ ਭਰ ਕੇ ਗਿੱਦੜਬਾਹਾ ਤੋਂ ਬਾਹਰ ਹਰਦੀਪ ਢਿੱਲੋਂ ਦੀਆਂ ਨਿਊ ਦੀਪ ਬੱਸਾਂ ਵਿੱਚ ਭਰਨ ਲਈ ਭੇਜੇ ਜਾਣ ਦੀ ਸ਼ਿਕਾਇਤ ਮਿਲੀ ਸੀ।