ਮੁੜ ਆਏ ਘਰਾਂ ਨੂੰ ਪੰਜਾਬੀ..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 10 2018 13:56

ਪਿਛਲੇ ਇੱਕ ਦਸ਼ਕ ਤੋਂ ਹਰ ਰੋਜ਼ ਇਹ ਸੁਣਨ ਨੂੰ ਤਾਂ ਜ਼ਰੂਰ ਮਿਲ ਰਿਹਾ ਹੈ ਕਿ ਹਰ ਸਾਲ ਪੰਜਾਬੀ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਪਰ ਇਹ ਚਰਚਾ ਨਹੀਂ ਸੁਣਨ ਨੂੰ ਮਿਲਦੀ ਕਿ ਕੋਈ ਕੈਨੇਡਾ ਤੋਂ ਵਾਪਸ ਪੰਜਾਬ ਪਰਤਿਆ ਹੈ। ਕੈਪਟਨ ਸਰਕਾਰ ਦੇ ਰਾਜ ਵਿੱਚ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਪੰਜਾਬੀ ਆਪਣੇ ਘਰਾਂ ਨੂੰ ਮੁੜ ਆਏ ਹਨ ਅਤੇ ਆਪਣੇ ਦੇਸ਼ ਦੇ ਇਤਿਹਾਸ ਦੀ ਮਹੱਤਤਾ ਨੂੰ ਜਾਣ ਕੇ ਹਰ ਪਲ ਪ੍ਰਭਾਵਿਤ ਹੋ ਰਹੇ ਹਨ। 

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਕੀਤੀ ਗਈ ਪਹਿਲ ਕੰਨੇਕਟ ਵਿਦ ਯੌਰ ਰੂਟਸ ਪ੍ਰੋਗਰਾਮ ਤਹਿਤ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬ ਵਿੱਚ ਦੋਬਾਰਾ ਸੱਦਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਜੜ੍ਹਾਂ ਨਾਲ ਜੋੜਿਆ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਬਾਹਰ ਰਹਿੰਦੇ ਪੰਜਾਬੀ ਬਿਲਕੁਲ ਹੀ ਆਪਣੇ ਸਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਹੁਣ ਇੱਕ ਵਾਰ ਫੇਰ ਉਨ੍ਹਾਂ ਨੂੰ ਇਤਿਹਾਸਕ ਸੈਰ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਅਸਲ ਘਰ ਨੇ ਉਨ੍ਹਾਂ ਨੂੰ ਕਿਨ੍ਹਾਂ ਮਹਾਨ ਪਿਛੋਕੜ ਦਿੱਤਾ ਹੈ। 

ਇਸ ਸਬੰਧ ਵਿੱਚ ਜਦੋਂ ਪ੍ਰੋਗਰਾਮ ਦੇ ਨਿਗਰਾਨ ਵਰਿੰਦਰ ਸਿੰਘ ਖੈਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ 16 ਤੋਂ ਲੈ ਕੇ 22 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਇੰਗਲੈਂਡ ਤੋਂ ਪੰਜਾਬ ਵਿੱਚ ਆਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਕੱਲ੍ਹ ਹੀ ਪਟਿਆਲੇ ਪਹੁੰਚ ਚੁੱਕੇ ਹਨ ਅਤੇ ਸ਼ਾਹੀ ਸ਼ਹਿਰ ਨੇ ਉਨ੍ਹਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਉਂਜ ਅੱਜ ਵੀ ਇੱਥੇ  ਹੀ ਰਹਿਣਾ ਚਾਹੁੰਦੇ ਹਨ ਅਤੇ ਸ਼ਹਿਰ ਦੇ ਪਿੰਡਾਂ ਦੀ ਸੈਰ ਵੀ ਕਰਨਾ ਚਾਹੁੰਦੇ ਹਨ। ਹਾਲਾਂਕਿ ਬੱਚਿਆਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋ ਪਾਈ ਕਿਉਂਕਿ ਉਨ੍ਹਾਂ ਨੂੰ ਕੜੀ ਸੁਰੱਖਿਆ ਦੇ ਵਿਚਕਾਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਇਸ ਪ੍ਰੋਗਰਾਮ ਨਾਲ ਕੋਸ਼ਿਸ਼ ਹੈ ਕਿ ਸੂਬੇ ਨੂੰ ਛੱਡ ਕੇ ਗਏ ਪੰਜਾਬੀਆਂ ਨੂੰ ਮੁੜ ਪੰਜਾਬ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਪੰਜਾਬ ਦੇ ਆਂਗਣ ਨੂੰ ਫੇਰ ਤੋਂ ਭਰਿਆ ਜਾ ਸਕੇ।