ਅੱਧੀ ਮੌਨਸੂਨ ਬੀਤਣ ਤੋਂ ਬਾਅਦ ਸ਼ੁਰੂ ਹੋਇਆ ਹੰਸਲੀ ਨਾਲ਼ੇ ਦੀ ਸਫ਼ਾਈ ਦਾ ਕੰਮ

Last Updated: Aug 10 2018 13:33

ਪੰਜਾਬ ਵਿੱਚ ਮੌਨਸੂਨ ਪੌਣਾਂ ਨੂੰ ਦਸਤਕ ਦਿੱਤਿਆਂ ਕਾਫ਼ੀ ਦਿਨ ਹੋ ਚੁੱਕੇ ਹਨ, ਪਰ ਸ਼ਹਿਰ ਵਿੱਚੋਂ ਲੰਘਣ ਵਾਲੇ ਨਿਕਾਸੀ ਨਾਲੇ ਹੰਸਲੀ ਦੀ ਸਫ਼ਾਈ ਦਾ ਕੰਮ ਹੁਣ ਸ਼ੁਰੂ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚੋਂ ਲੰਘਣ ਵਾਲੇ ਇਸ ਨਿਕਾਸੀ ਨਾਲੇ ਵਿੱਚ ਵੱਡੀ ਮਾਤਰਾ ਵਿੱਚ ਬੂਟੀ ਅਤੇ ਹੋਰ ਘਾਹ ਫੂਸ ਹੋਣ ਕਰਕੇ ਹਰ ਵਰ੍ਹੇ ਮੌਨਸੂਨ ਤੋਂ ਪਹਿਲਾਂ-ਪਹਿਲਾਂ ਇਸ ਦੀ  ਸਫ਼ਾਈ ਕਰਵਾਉਣੀ ਜ਼ਰੂਰੀ ਹੁੰਦੀ ਹੈ, ਤਾਂ ਜੋ ਜ਼ਿਆਦਾ ਬਾਰਿਸ਼ ਹੋਣ ਕਰਕੇ ਜੇਕਰ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਣ ਤਾਂ ਵਾਧੂ ਪਾਣੀ ਦਾ ਨਿਕਾਸ ਅਸਾਨੀ ਨਾਲ ਹੋ ਸਕੇ ਅਤੇ ਸ਼ਹਿਰ ਨੂੰ ਹੜ੍ਹ ਦੀ ਮਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਮਹਿਫ਼ੂਜ਼ ਰੱਖਿਆ ਜਾ ਸਕੇ।

ਬੀਤੇ ਸਮੇਂ ਵਿੱਚ ਮੌਨਸੂਨ ਦੇ ਦਿਨਾਂ ਵਿੱਚ ਆਏ ਹੜ੍ਹਾਂ ਦੌਰਾਨ ਇਸ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਇਸ ਵਿਚਲੀ ਬੂਟੀ ਤੇ ਹੋਰ ਘਾਹ ਫੂਸ ਨਾਲ ਨਾਲ਼ੇ ਦੇ ਸਾਰੇ ਪੁਲ਼ ਬਲਾਕ ਹੋ ਗਏ ਸਨ, ਜਿਸ ਕਰਕੇ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਭਰ ਜਾਣ ਕਾਰਨ ਸ਼ਹਿਰ ਵਾਸੀਆਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸ ਵਾਰ ਵੀ ਅੱਧੀ ਮੌਨਸੂਨ ਬੀਤ ਜਾਣ ਦੇ ਬਾਅਦ ਨਿਕਾਸੀ ਵਿਭਾਗ ਦੀ ਨੀਂਦ ਹੁਣ ਖੁੱਲ੍ਹੀ ਹੈ। ਅਜਿਹੇ ਹਾਲਾਤ ਵਿੱਚ ਇਸ ਵਾਰ ਜੇਕਰ ਮੌਨਸੂਨ ਕਮਜ਼ੋਰ ਨਾ ਹੁੰਦੀ ਤਾਂ ਨਿਕਾਸੀ ਵਿਭਾਗ ਦੀ ਇਸ ਲਾਪਰਵਾਹੀ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਝੱਲਣਾ ਪੈਣਾ ਸੀ।