Loading the player...

ਨਵੇਂ ਐਸ.ਪੀ ਨੇ ਸੰਭਾਲਿਆ ਅਹੁਦਾ, ਨਸ਼ਾ ਮੁਕਤ ਅਬੋਹਰ ਬਣਾਉਣ ਦਾ ਟੀਚਾ

Avtar Gill
Last Updated: Aug 10 2018 12:35

13 ਅਪ੍ਰੈਲ 1979 'ਚ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾ ਨੇੜੇ ਅੱਤਵਾਦੀਆਂ ਨਾਲ ਪੁਲਿਸ ਮੁੱਠਭੇੜ ਦੌਰਾਨ ਸ਼ਹੀਦ ਹੋਏ ਤਿੰਨ ਪੁਲਿਸ ਅਫਸਰਾਂ 'ਚੋਂ ਇੱਕ ਸ਼ਹੀਦ ਚਿਮਨ ਲਾਲ ਦੇ ਸਪੁੱਤਰ ਵੀ ਆਪਣੇ ਪਿਤਾ ਅਤੇ ਸ਼ਹੀਦ ਹੋਏ ਹੋਰ ਪੁਲਿਸ ਅਫਸਰਾਂ ਨੂੰ ਪ੍ਰੇਰਨਾ ਸਰੋਤ ਬਣਾ ਕੇ ਪੁਲਿਸ ਫੋਰਸ ਵਿੱਚ ਹੀ ਭਰਤੀ ਹੋਏ ਤੇ ਸੂਬੇ ਦੇ ਕਈ ਜ਼ਿਲ੍ਹਿਆਂ ਅਤੇ ਅਹੁਦਿਆਂ, ਪੁਲਿਸ ਨਾਲ ਸਬੰਧਤ ਵਿਭਾਗਾਂ ਵਿੱਚ ਕੰਮ ਕਰਦਿਆਂ ਅੱਜ ਅਬੋਹਰ ਦੇ ਐਸ.ਪੀ ਵਜੋਂ ਆਪਣਾ ਅਹੁਦਾ ਸੰਭਾਲਿਆ।

ਪੱਤਰਕਾਰਾਂ ਨਾਲ ਆਪਣੀ ਪਲੇਠੀ ਬੈਠਕ ਦੌਰਾਨ ਉਨ੍ਹਾਂ ਜਿੱਥੇ ਆਪਣੇ ਕਾਰਜਕਾਲ ਅਤੇ ਆਪਣੀ ਕਾਰਜਸ਼ੈਲੀ ਤੇ ਤਜੁਰਬੇ ਸਾਂਝੇ ਕੀਤੇ ਉੱਥੇ ਹੀ ਉਨ੍ਹਾਂ ਅਬੋਹਰ ਸ਼ਹਿਰ ਅਤੇ ਸੂਬੇ 'ਚ ਹੋਰਨਾਂ ਸੂਬਿਆਂ ਰਾਹੀਂ ਨਸ਼ਾ ਨਾ ਪਹੁੰਚੇ ਇਸਦੇ ਲਈ ਰਾਜਸਥਾਨ ਅਤੇ ਹਰਿਆਣਾ ਨਾਲ ਲਗਦੀ ਸੀਮਾ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉੱਥੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ 'ਚ ਦਾਖਲ ਹੋਣ ਵਾਲੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਦਾਖਲ ਹੋਣ ਦਿੱਤਾ ਜਾ ਰਿਹਾ ਹੈ।

ਐਸ.ਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੁਲਿਸ ਵੱਲੋਂ ਆਪਣੇ ਥਾਣਿਆਂ 'ਚ ਬੂਟੇ ਲਗਾਏ ਜਾ ਰਹੇ ਹਨ ਜਿਸ ਤਹਿਤ ਕਰੀਬ 2 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਹ ਕੰਮ ਹਲੇ ਜਾਰੀ ਹੈ। ਉਨ੍ਹਾਂ ਕਿਹਾ ਕਿ ਡੈਪੋ ਮੁਹਿੰਮ ਤਹਿਤ ਹੀ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਨਸ਼ੇ 'ਚ ਡੁੱਬੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ, ਜਿਸਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ।

ਨਵਨਿਯੁਕਤ ਐਸ.ਪੀ ਕਹਿੰਦੇ ਹਨ ਕਿ ਨਸ਼ੇ ਦੀ ਰੋਕਥਾਮ ਲਈ ਜ਼ਿਲ੍ਹਾ ਹੈਡਕੁਆਰਟਰ ਫਾਜ਼ਿਲਕਾ ਵਿਖੇ ਇੱਕ ਟਾਲ ਫ੍ਰੀ ਨੰਬਰ ਸਥਾਪਤ ਕੀਤਾ ਗਿਆ ਹੈ ਜੋ ਸਿਰਫ ਨਸ਼ੇ ਨਾਲ ਸਬੰਧਤ ਕੋਈ ਵੀ ਜਾਣਕਾਰੀ ਪੁਲਿਸ ਤੱਕ ਪਹੁੰਚਾਉਣ ਲਈ ਹੈ, ਜਿਸ ਤੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਡਰ ਦੇ ਜਾਣਕਾਰੀ ਦੇ ਸਕਦਾ ਹੈ ਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਅਤੇ ਅਤਾ-ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।