ਇਹ ਹੁੰਦੇ ਇਨਸਾਫ਼ !! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 09 2018 16:26

ਅਮਰੀਕਾ, ਕੈਲੀਫ਼ੋਰਨੀਆਂ ਵਿੱਚ ਇੱਕ ਬਜ਼ੁਰਗ ਸਿੱਖ ਤੇ ਹੋਏ ਨਸਲੀ ਹਮਲੇ ਸਬੰਧੀ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਹੋਣੀ ਕਿ, ਉੱਥੋਂ ਦੀ ਪੁਲਿਸ ਨੇ ਆਪਣੇ ਪੁਲਿਸ ਮੁਖੀ ਦੇ ਮੁੰਡੇ ਦੀ ਇਸ ਹਮਲੇ ਵਿੱਚ ਸ਼ਮੂਲੀਅਤ ਭਾਂਪਦਿਆਂ ਉਸ ਨੂੰ ਗ੍ਰਿਫ਼ਤਾਰ ਕਰਕੇ ਸਮੁੱਚੀ ਦੁਨੀਆ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿ ਇਹ ਹੁੰਦੇ ਇਨਸਾਫ਼। 

ਮੈਂਟੈਕਾ ਪੁਲਿਸ ਨੇ ਉਕਤ ਮਾਮਲੇ ਵਿੱਚ 16 ਅਤੇ 18 ਸਾਲਾਂ ਦੇ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਪੁਲਿਸ ਚੀਫ਼ ਦਾ ਆਪਣਾ ਮੁੰਡਾ ਹੈ, ਜਿਹੜਾ ਕਿ, ਆਪਣੇ ਇੱਕ ਹੋਰ ਦੋਸਤ ਦੀ ਮਦਦ ਨਾਲ ਉਕਤ ਬਜ਼ੁਰਗ ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ ਲੁੱਟ ਖ਼ੋਹ ਕਰਦਾ ਹੋਇਆ ਉੱਥੋਂ ਲੱਗੇ ਇੱਕ ਸੀ. ਸੀ. ਟੀ. ਕੈਮਰੇ ਵਿੱਚ ਕੈਦ ਹੋ ਗਿਆ ਸੀ। 

ਕਾਬਿਲ-ਏ-ਗ਼ੌਰ ਹੈ ਕਿ, ਬੁੱਧਵਾਰ ਸਵੇਰੇ ਮੈਂਟਿਕਾ 'ਚ ਸਾਹਿਬ ਸਿੰਘ ਨਾਮਕ ਇੱਕ ਸਿੱਖ ਬਜ਼ੁਰਗ ਵਿਅਕਤੀ ਸੈਰ ਕਰ ਰਿਹਾ ਸੀ, ਇਸੇ ਦੌਰਾਨ ਹੀ ਦੋ ਨੌਜਵਾਨਾਂ ਨੇ ਉਸ ਤੇ ਹਥਿਆਰਬੰਦ ਹਮਲਾ ਕਰਕੇ ਉਸ ਤੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ, ਯੂਨੀਅਨ ਸਿਟੀ ਪੁਲਿਸ ਦੇ ਚੀਫ਼ ਨੂੰ ਜਦੋਂ ਪਤਾ ਲੱਗਾ ਕਿ, ਸਾਹਿਬ ਸਿੰਘ ਤੇ ਹਮਲਾ ਕਰਨ ਵਾਲਿਆਂ ਵਿੱਚ ਉਸ ਦਾ ਆਪਣਾ ਮੁੰਡਾ ਵੀ ਸ਼ਾਮਲ ਹੈ ਤਾਂ ਉਸ ਨੇ ਕਾਨੂੰਨ  ਦੇ ਰਸਤੇ ਵਿੱਚ ਰੁਕਾਵਟ ਬਣਨ ਦੀ ਥਾਂ ਤੇ ਸਗੋਂ ਆਪਣੀ ਮੁੰਡੇ ਦੀ ਗ੍ਰਿਫ਼ਤਾਰੀ ਵਿੱਚ ਮੈਂਟੈਕਾ ਪੁਲਿਸ ਦੀ ਮਦਦ ਕੀਤੀ। 

ਦੋਸਤੋ, ਇਹੋ ਜਿਹੀ ਹੀ ਘਟਨਾ ਅਗਰ ਸਾਡੇ ਦੇਸ਼ ਵਿੱਚ ਹੋਈ ਹੁੰਦੀ, ਉਸ ਘਟਨਾ ਵਿੱਚ ਪੁਲਿਸ ਚੀਫ਼ ਦੀ ਤਾਂ ਗੱਲ ਛੱਡੋ ਕਿਸੇ ਚੌਂਕੀ ਇੰਚਾਰਜ ਦੇ ਮੁੰਡੇ ਦੀ ਹੀ ਸ਼ਮੂਲੀਅਤ ਹੁੰਦੀ ਤਾਂ, ਹੁਣ ਤੱਕ ਸਾਡੇ ਆਲ਼ਿਆਂ ਨੇ ਦਰਜਨਾਂ ਹੀ ਹੋਰਨਾਂ ਮੁੰਡਿਆਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਡੱਕ ਦੇਣਾ ਸੀ ਤੇ ਉਨ੍ਹਾਂ ਵਿੱਚੋਂ ਹਰੇਕ ਨੇ ਅਦਾਲਤ ਵਿੱਚ ਜਾ ਕੇ ਕਬੂਲ ਵੀ ਕਰ ਲੈਣਾ ਸੀ ਕਿ, ਇਹ ਜੁਰਮ ਉਸ ਨੇ ਕੀਤਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਲੋਕ ਉੱਥੇ ਖ਼ੁਦ ਨੂੰ ਇੱਥੋਂ ਨਾਲੋਂ ਵੱਧ ਮਹਿਫ਼ੂਜ਼ ਸਮਝਦੇ ਹਨ। ਸਮਝਣਾ ਚਾਹੀਦਾ ਵੀ ਹੈ ਕਿਉਂਕਿ ਇਨਸਾਫ਼ ਜੋ ਮਿਲਦਾ ਹੈ ਉੱਥੇ ਲੋਕਾਂ ਨੂੰ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।