ਸਰਕਾਰ ਰੁੱਖ ਲਾ ਰਹੀ ਤੇ ਪੁਡਾ ਕਰ ਰਹੇ ਉਜਾੜਨ ਦਾ ਕੰਮ

Last Updated: Jul 12 2018 19:18

ਹਰਿਆਲੀ ਦੀ ਮੁਹਿੰਮ ਵਿੱਚ ਪੁਡਾ ਅਧਿਕਾਰੀ ਕੰਡਾ ਬਣ ਕੇ ਸਾਹਮਣੇ ਆ ਰਹੇ ਹਨ। ਇੱਕ ਪਾਸੇ ਜਿੱਥੇ ਪਰਨੀਤ ਕੌਰ, ਸਾਬਕਾ ਰਾਜ ਮੰਤਰੀ, ਭਾਰਤ ਸਰਕਾਰ ਛੋਟੇ-ਛੋਟੇ ਬੂੱਟੇ ਲਗਾ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦੇ ਉਪਰਾਲੇ ਕਰ ਰਹੇ ਹਨ, ਉੱਥੇ ਹੀ ਭਾਰੀ ਗਿਣਤੀ ਸਮਾਜ ਸੇਵੀ ਸੰਸਥਾਵਾਂ ਰੁੱਖਾਂ ਦੀ ਦੇਖਭਾਲ ਅਤੇ ਹਰਿਆਲੀ ਮਿਸ਼ਨ ਚਲਾ ਕੇ ਰੁੱਖਾਂ ਦੇ ਨਾਲ-ਨਾਲ ਮਨੁੱਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਵਾਤਾਵਰਨ ਸੰਭਾਲ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ। ਪਰੰਤੂ ਸਰਕਾਰ ਦਾ ਹੀ ਪੂਡਾ ਵਿਭਾਗ ਪਟਿਆਲਾ ਵਿੱਚ ਸੈਂਕੜੇ ਖੂਬਸੂਰਤ, ਵਿਸ਼ਾਲ ਤੇ ਹਰੇ ਭਰੇ ਦਰਖ਼ਤਾਂ ਨੂੰ ਵੱਢ ਕੇ ਵਾਤਾਵਰਨ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਸਥਾਨਕ ਰਾਜਪੁਰਾ ਕਲੋਨੀ ਵਿੱਚ ਕਲੋਨੀ ਬਣਾਉਣ ਲਈ ਪੂਡਾ ਵਿਭਾਗ ਦੇ ਠੇਕੇਦਾਰ ਅਧਿਕਾਰੀਆਂ ਦੀ ਸ਼ਹਿ 'ਤੇ ਆਧੁਨਿਕ ਯੰਤਰਾਂ ਦੀ ਮਦਦ ਨਾਲ ਧੱੜਲੇ ਨਾਲ ਵਿਸ਼ਾਲ ਦਰਖ਼ਤਾਂ ਨੂੰ ਵੱਢ-ਵੱਢ ਕੇ ਸੁੱਟ ਰਹੇ ਹਨ, ਜਿਸ ਦਾ ਇਲਾਕਾ ਨਿਵਾਸੀਆਂ ਅਤੇ ਹਰ ਰਾਹਗੀਰਾਂ ਸਮੇਤ ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਖੁੱਲ੍ਹ ਕੇ ਵਿਰੋਧ ਕਰ ਰਿਹਾ ਹੈ।

ਇਸ ਮੌਕੇ 'ਤੇ ਸਮਾਜ ਸੇਵਕ ਚਰਨਜੀਤ ਚੌਹਾਨ ਨੇ ਕਿਹਾ ਕਿ ਵਿਕਾਸ ਦੇ ਨਾਮ 'ਤੇ 100-100 ਸਾਲ ਪੁਰਾਣੇ ਪਿੱਪਲ ਦੇ ਦਰਖ਼ਤ, ਅੰਬ, ਸ਼ਹਿਤੂਤ, ਬਿੱਲ, ਅਮਰੂਦ ਅਤੇ ਜਾਮੁਨ ਦੇ ਪੇੜ ਭਾਰੀ ਗਿਣਤੀ ਵਿੱਚ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚੋਂ ਦੀ ਲੰਘਦੇ ਲੋਕਾਂ ਨੂੰ ਇਨ੍ਹਾਂ ਦਰਖ਼ਤਾਂ ਤੇ ਫੁੱਲ ਬੂਟਿਆਂ ਦੀ ਖ਼ੁਸ਼ਬੂ ਨਾਲ ਆਰਾਮ ਦਾ ਸਾਹ ਮਹਿਸੂਸ ਹੁੰਦਾ ਸੀ। ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਦੇ ਆਗੂਆਂ ਨੇ ਕਿਹਾ ਕਿ ਪਿੱਪਲ ਵਰਗੇ ਪਵਿੱਤਰ ਤੇ ਵਿਸ਼ਾਲ ਦਰਖ਼ਤਾਂ ਦੀ ਕਟਾਈ ਦੀ ਉਹ ਜ਼ੋਰਦਾਰ ਨਿੰਦਾ ਕਰਦੇ ਹਨ ਕਿਉਂਕਿ ਹਿੰਦੂ ਧਰਮ ਵਿੱਚ ਮਿਥਿਹਾਸ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਪਿੱਪਲ ਦੇ ਦਰਖ਼ਤਾਂ 'ਤੇ ਦੇਵਤਿਆਂ ਦਾ ਵਾਸ ਹੁੰਦਾ ਹੈ ਅਤੇ ਲੋਕ ਪਿੱਪਲ ਦੀ ਪੂਜਾ ਕਰਦੇ ਹਨ। ਇਸ ਲਈ ਪੁਰਜ਼ੋਰ ਮੰਗ ਹੈ ਕਿ ਪਿੱਪਲ ਦੇ ਵੱਡੇ-ਵੱਡੇ ਦਰਖ਼ਤਾਂ ਦੀ ਕਟਾਈ ਕਰਨ ਤੇ ਕਰਵਾਉਣ ਵਾਲਿਆਂ ਵਿਰੁੱਧ ਧਾਰਮਿਕ ਠੇਸ ਪਹੁੰਚਾਉਣ ਦਾ ਕੇਸ ਦਰਜ਼ ਕੀਤਾ ਜਾਵੇ ਅਤੇ ਵਾਤਾਵਰਨ ਐਕਟ ਅਧੀਨ ਵੀ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।