ਦੇਵ ਭੂਮੀ ਹਿਮਾਚਲ ਪ੍ਰਦੇਸ਼ ਪੁੱਜਿਆ ਸੰਤ ਸੀਚੇਵਾਲ ਦਾ ਹਰਿਆਲੀ ਦਾ ਕਾਰਵਾਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 19:26

ਦੇਵ ਭੂਮੀ ਦੇ ਤੌਰ 'ਤੇ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਹਰਿਆਲੀ ਦਾ ਕਾਰਵਾਂ ਪੁੱਜ ਗਿਆ ਹੈ। ਹਿਮਾਚਲ ਦੇ ਪਿੰਡ ਪੂਬੋਵਾਲ ਦੇ ਪੰਚਾਇਤ ਘਰ ਵਿੱਚ ਸੰਤ ਸੀਚੇਵਾਲ ਨੇ ਬੂਟਾ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਪਿੰਡ ਦੀ ਸੱਥ ਵਿੱਚ ਰੱਖੇ ਸਮਾਗਮ ਦੌਰਾਨ ਲੋਕ ਵੱਡੀ ਗਿਣਤੀ 'ਚ ਹਾਜ਼ਰ ਹੋਏ ਤੇ ਖ਼ਾਸ ਕਰਕੇ ਬੱਚੇ ਤੇ ਬੀਬੀਆਂ ਨੇ ਵੀ ਇਸ ਸਮਾਗਮ ਨੂੰ ਕਾਮਯਾਬ ਕਰਨ 'ਚ ਵੱਡੀ ਭੂਮਿਕਾ ਨਿਭਾਈ। ਬੱਚਿਆਂ ਦੇ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਵਿੱਚ ਵੀ ਵਾਤਾਵਰਣ ਦਾ ਵਿਸ਼ਾ ਹੀ ਚੁਣਿਆ ਗਿਆ ਸੀ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸੰਤ ਸੀਚੇਵਾਲ ਨੇ ਬੂਟੇ ਦੇ ਕੇ ਸਨਮਾਨਿਤ ਕੀਤਾ।

ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਮਨੁੱਖ ਦਾ ਕੁਦਰਤ ਨਾਲ ਬਹੁਤ ਨੇੜਲਾ ਰਿਸ਼ਤਾ ਹੈ। ਕੁਦਰਤ ਨਾਲੋਂ ਦੂਰ ਹੋਣ ਕਾਰਨ ਮਨੁੱਖ ਦੁਸ਼ਵਾਰੀਆਂ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਮਨੁੱਖ ਨੂੰ ਕੁਦਰਤ ਨਾਲ ਸਾਂਝ ਬਣਾਈ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਸੰਤ ਸੀਚੇਵਾਲ ਨੇ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ਪੁਰਬ ਮੌਕੇ 2019 ਵਿੱਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਹੋ ਰਹੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਉਚੇਚੇ ਤੌਰ 'ਤੇ ਆਏ ਹੋਏ ਸੀ। ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਰਘਬੀਰ ਸਿੰਘ, ਯੂਥ ਕਲੱਬ ਦੇ ਪ੍ਰਧਾਨ ਸੰਦੀਪ ਮਾਨ, ਕਨਵੀਨਰ ਰਵਿੰਦਰ ਵਾਸੂਦੇਵਾ ਅਤੇ ਹੋਰ ਬਹੁਤ ਸਾਰੇ ਨੌਜਵਾਨ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਗੁਰਦੁਆਰਾ ਗਿੜਗਿੜਾ ਸਾਹਿਬ ਦੇ ਦਰਸ਼ਨਾਂ ਲਈ ਵੀ ਗਏ, ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਯੂਥ ਕਲੱਬ ਵੱਲੋਂ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਗਿਆ।