ਤੰਦਰੁਸਤ ਸਮਾਜ ਦਾ ਆਧਾਰ ਹੈ ਸਵੱਛਤਾ: ਅਵਤਾਰ ਸਿੰਘ ਭੁੱਲਰ

Last Updated: Jul 12 2018 18:36

ਸਵੱਛਤਾ ਇੱਕ ਤੰਦਰੁਸਤ ਸਮਾਜ ਦਾ ਆਧਾਰ ਹੈ ਅਤੇ ਇਸ ਨੂੰ ਅਪਣਾਉਣ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਡਵਿੰਡੀ ਵਿਖੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੇ ਸਹਿਯੋਗ ਨਾਲ ਸਵੱਛਤਾ ਵਿਸ਼ੇ 'ਤੇ ਕਰਵਾਏ ਜਾਗਰੂਕਤਾ ਸਮਾਰੋਹ ਮੌਕੇ ਹਾਜ਼ਰੀਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸਵੱਛਤਾ ਵਿਸ਼ੇ 'ਤੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਭੁੱਲਰ ਨੇ ਕਿਹਾ ਕਿ ਸਰਕਾਰ ਦੁਆਰਾ ਚਲਾਏ ਜਾ ਰਹੀ ਸਵੱਛਤਾ ਮੁਹਿੰਮ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਵੱਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਕਿਹਾ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਅਤੇ ਆਲੇ-ਦੁਆਲੇ ਤੋਂ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਫ਼-ਸਫ਼ਾਈ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਫੀਲਡ ਆਊਟਰੀਚ ਬਿਊਰੋ ਜਲੰਧਰ ਦੇ ਡਿਪਟੀ ਡਾਇਰੈਕਟਰ ਪ੍ਰੀਤਮ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਰਕਾਰ ਦੁਆਰਾ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨਵਦੀਪ ਸਿੰਘ ਨੇ ਸਵੱਛ ਭਾਰਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕਰਵਾਏ ਪੇਂਟਿੰਗ ਮੁਕਾਬਲਿਆਂ ਵਿੱਚ ਤਨੀਸ਼ਪ੍ਰੀਤ ਨੇ ਪਹਿਲਾ, ਮਨਵੀਰ ਸਿੰਘ ਨੇ ਦੂਜਾ ਅਤੇ ਰਮਨਪ੍ਰੀਤ ਕੌਰ ਤੇ ਆਰਤੀ ਨੇ ਤੀਸਰਾ ਸਥਾਨ ਹਾਸਲ ਕੀਤਾ। 

ਮੁੱਖ ਮਹਿਮਾਨ ਅਵਤਾਰ ਸਿੰਘ ਭੁੱਲਰ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਸਾਰਿਆਂ ਵੱਲੋਂ ਸਕੂਲ ਦੀ ਗਰਾਊਂਡ ਦੀ ਸਫ਼ਾਈ ਵੀ ਕੀਤੀ ਗਈ। ਇਸ ਤੋਂ ਇਲਾਵਾ ਖੇਤਰੀ ਆਊਟਰੀਚ ਬਿਊਰੇ ਦੇ ਸਹਿਯੋਗ ਕਲਾਕਾਰਾਂ ਨੇ ਕਲਾ ਤੇ ਮਨੋਰੰਜਨ ਦੇ ਮਾਧਿਅਮ ਰਾਹੀਂ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਫੀਲਡ ਆਊਟਰੀਚ ਬਿਊਰੋ, ਜਲੰਧਰ ਦੇ ਤਕਨੀਕੀ ਸਹਾਇਕ ਕਵੀਸ਼ ਦੱਤ ਨੇ ਦੱਸਿਆ ਕਿ ਭਲਕੇ 13 ਜੁਲਾਈ ਨੂੰ ਟ੍ਰਾਂਸਫਾਰਮਿੰਗ ਇੰਡੀਆ ਵਿਸ਼ੇ ਤਹਿਤ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਬੀਮਾ ਯੋਜਨਾ, ਉਜਵਲਾ ਯੋਜਨਾ ਆਦਿ ਵਿਸ਼ਿਆਂ 'ਤੇ ਸਰਕਾਰੀ ਕਾਲਜ, ਭੁਲੱਥ ਵਿਖੇ ਜਾਗਰੂਕਤਾ ਸਮਾਰੋਹ ਕਰਵਾਇਆ ਜਾਵੇਗਾ। ਇਸ ਮੌਕੇ ਡਡਵਿੰਡੀ ਦੇ ਸਰਪੰਚ ਸਤਨਾਮ ਸਿੰਘ, ਪਸਵਕ ਕਮੇਟੀ ਦੇ ਚੇਅਰਮੈਨ ਸ਼ਿੰਦਰਪਾਲ, ਬਲਾਕ ਸੰਮਤੀ ਮੈਂਬਰ ਰਮੇਸ਼ ਡਡਵਿੰਡੀ, ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਅਨੀਤਾ ਡੋਗਰਾ ਅਤੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।