...ਕੀ ਹੁਣ ਇਸ ਤਰ੍ਹਾਂ ਦੇ ਹੋਣਗੇ ਪੰਜਾਬ ਦੇ 'ਮਾਡਲ' ਸਕੂਲ..!!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 17:29

ਭਾਵੇਂ ਕਿ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸੁੰਦਰ ਅਤੇ ਸੋਹਣਾ ਬਣਾਉਣ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਪਰ.!! ਦੇਖਿਆ ਜਾਵੇ ਤਾਂ ਇਹ ਉਪਰਾਲੇ ਅਧਿਕਾਰੀਆਂ ਦੇ ਲੱਗਦੇ ਸਿਰਫ਼ ਏ.ਸੀ ਕਮਰਿਆਂ ਤੋਂ ਬਾਹਰ ਨਿਕਲਦੇ ਵਿਖਾਈ ਨਹੀਂ ਦੇ ਰਹੇ। ਕਿਉਂਕਿ ਜੋ ਹਾਲਾਤ ਇਨ੍ਹਾਂ ਦਿਨਾਂ ਦੇ ਅੰਦਰ ਪੰਜਾਬ ਦੇ ਸਰਹੱਦੀ ਸਕੂਲਾਂ ਦੇ ਹਨ ਉਹ ਬੇਹੱਦ ਹੀ ਮਾੜੇ ਹਨ। ਕਿਸੇ ਸਕੂਲ ਵਿੱਚ ਤਾਂ ਬੱਚਿਆਂ ਨੂੰ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ ਅਤੇ ਕਿਸੇ ਸਕੂਲ ਵਿੱਚ ਬੱਚਿਆਂ ਨੂੰ ਜਾਣ ਵਾਸਤੇ ਕੋਈ ਸਾਧਨ ਨਹੀਂ ਮਿਲ ਰਿਹਾ। ਵੇਖਿਆ ਜਾਵੇ ਤਾਂ ਸਰਕਾਰ ਦੀਆਂ ਕਥਿਤ ਗ਼ਲਤ ਨੀਤੀਆਂ ਦੇ ਕਾਰਨ ਪੰਜਾਬ ਦੇ ਸਰਹੱਦੀ ਇਲਾਕੇ ਦੇ ਸਕੂਲ ਕਾਫ਼ੀ ਜ਼ਿਆਦਾ ਪੱਛੜ ਚੁੱਕੇ ਹਨ। 

ਜੇਕਰ ਅਸੀਂ ਤਾਜ਼ਾ ਹਾਲਤਾਂ 'ਤੇ ਨਿਗਾਹ ਮਾਰੀਏ ਤਾਂ ਇੱਕ ਪਾਸੇ ਭਾਵੇਂ ਕੈਪਟਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਦੇ ਮਕਸਦ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅਭਿਆਨ ਚਲਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਫ਼ਿਰੋਜ਼ਪੁਰ ਦਾ ਇੱਕ ਅਜਿਹਾ ਵੀ ਸਕੂਲ ਹੈ, ਜਿੱਥੇ ਮਿਸ਼ਨ ਤੰਦਰੁਸਤ ਮੁਹਿੰਮ ਦੀ ਫ਼ੂਕ ਨਿਕਲਦੀ ਸ਼ਰੇਆਮ ਵਿਖਾਈ ਦੇ ਰਹੀ ਹੈ। ਦੱਸ ਦਈਏ ਕਿ ਬਲਾਕ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਖੁਸ਼ਹਾਲ ਸਿੰਘ ਵਾਲਾ (ਰੱਖੜੀ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਕਾਫ਼ੀ ਦਿਨਾਂ ਤੋਂ ਜਮਾਂ ਹੋਇਆ ਪਿਆ ਹੈ। ਜਿਸ ਕਾਰਨ ਬੱਚਿਆਂ ਦੇ ਨਾਲ ਨਾਲ ਅਧਿਆਪਕ ਵੀ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ।

'ਨਿਊਜ਼ਨੰਬਰ' ਟੀਮ ਵੱਲੋਂ ਜਦੋਂ ਪਿੰਡ ਖੁਸ਼ਹਾਲ ਸਿੰਘ ਵਾਲਾ ਦੇ ਸਰਕਾਰੀ ਸਕੂਲ ਦਾ ਹਾਲ ਜਾ ਕੇ ਵਿੱਚ ਦੇਖਿਆ ਗਿਆ ਤਾਂ ਸਕੂਲ ''ਸਕੂਲ'' ਨਹੀਂ ਛੱਪੜ ਹੀ ਲੱਗ ਰਿਹਾ ਸੀ। ਕਿਉਂਕਿ ਸਕੂਲ ਦੀ ਦੀਵਾਰ ਨਾਲ ਲੱਗਦਾ ਛੱਪੜ ਦਾ ਗੰਦਾ ਪਾਣੀ ਸਕੂਲ ਦੇ ਅੰਦਰ ਦਾਖਲ ਹੋਇਆ ਪਿਆ ਸੀ ਅਤੇ ਸਕੂਲੀ ਵਿਦਿਆਰਥੀ ਅਤੇ ਅਧਿਆਪਕਾਂ ਨੇ ਗੰਦੇ ਪਾਣੀ ਦੀ ਬਦਬੂ ਤੋਂ ਬਚਣ ਵਾਸਤੇ ਮੂੰਹ ਉੱਪਰ ਕੱਪੜੇ ਬੰਨੇ ਹੋਏ ਸਨ। ਇਸ ਮਾਮਲੇ ਨੂੰ ਲੈ ਕੇ 'ਨਿਊਜ਼ਨੰਬਰ' ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਜਸਵੀਰ ਕੌਰ ਨੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖੁਸ਼ਹਾਲ ਸਿੰਘ ਵਾਲਾ ਦੇ ਇੱਕੋ ਚਾਰ ਦੀਵਾਰੀ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਚੱਲ ਰਹੇ ਹਨ। ਜਿਸ ਵਿੱਚ 600 ਦੇ ਕਰੀਬ ਵਿਦਿਆਰਥੀ ਪੜ੍ਹਣ ਆਉਂਦੇ ਹਨ। 

ਪ੍ਰਿੰਸਿਪਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਦਾ ਛੱਪੜ ਜੋ ਕਿ ਸਕੂਲ ਦੀ ਕੰਧ ਦੇ ਨਾਲ ਹੈ ਦਾ ਗੰਦਾ ਪਾਣੀ ਉਵਰਫਲੋ ਹੋ ਕੇ ਸਕੂਲ ਅੰਦਰ ਦਾਖਲ ਹੋ ਚੁੱਕਿਆ ਹੈ। ਜਿਸ ਕਾਰਨ ਸਕੂਲ ਅੰਦਰ ਭਾਰੀ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਪਿੰਡ ਦੀ ਪੰਚਾਇਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ, ਪਰ ਹੁਣ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਆਲਮ ਇਹ ਸੀ ਕਿ ਸਕੂਲ ਦੀ ਦੀਵਾਰ ਦੇ ਨਾਲ ਛੱਪੜ ਵਿੱਚ ਇੱਕ ਅਵਾਰਾ ਪਸ਼ੂ ਵੀ ਮਰਿਆ ਹੋਇਆ ਹੈ, ਜਿਸ ਦੀ ਬਦਬੂ ਕਾਰਨ ਅਧਿਆਪਕ ਅਤੇ ਵਿਦਿਆਰਥੀ ਹਾਲੋਂ ਬੇਹਾਲ ਹੋਏ ਪਏ ਸਨ।

ਵਿਦਿਆਰਥੀਆਂ ਲਈ ਖਾਣਾ ਬਣਾਉਣਾ ਅਤੇ ਖਵਾਉਣਾ ਬੇਹੱਦ ਮੁਸ਼ਕਲ ਹੋਇਆ ਪਿਆ ਸੀ। ਇਸੇ ਤਰ੍ਹਾਂ ਆਂਗਣਵਾੜੀ ਮੁਲਾਜ਼ਮਾਂ ਨੇ ਕਿਹਾ ਕਿ ਆਂਗਣਵਾੜੀ ਸੈਂਟਰ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਸ ਗੰਦੇ ਪਾਣੀ ਕਾਰਨ ਭਾਰੀ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ 'ਤੇ ਸਕੂਲ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪਿੰਡ ਦੀ ਪੰਚਾਇਤ ਤੋਂ ਮੰਗ ਕੀਤੀ ਕਿ ਸਕੂਲ ਅੰਦਰ ਖੜ੍ਹਿਆ ਛੱਪੜ ਦਾ ਗੰਦਾ ਪਾਣੀ ਛੇਤੀ ਤੋਂ ਛੇਤੀ ਕਢਵਾਇਆ ਜਾਵੇ ਅਤੇ ਸਕੂਲ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਬੱਚੇ ਭਿਆਨਕ ਬਿਮਾਰੀਆਂ ਤੋਂ ਬਚ ਸਕਣ।

ਇਸ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਦੇ ਸਰਪੰਚ ਹਰਮੇਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਛੱਪੜ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਸਕੂਲ ਦੀ ਜ਼ਮੀਨ 'ਤੇ ਹੀ ਪਿੰਡ ਵੱਲੋਂ ਛੱਪੜ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਛੱਪੜ ਦੀ ਸਾਫ਼ ਸਫ਼ਾਈ ਨਾ ਹੋਣ ਦੇ ਕਾਰਨ ਛੱਪੜ ਦਾ ਗੰਦਾ ਪਾਣੀ ਸਕੂਲ ਅੰਦਰ ਦਾਖਲ ਹੋਇਆ ਹੈ। ਪਿੰਡ ਦੇ ਵਿਕਾਸ ਸਬੰਧੀ ਜਦੋਂ ਸਰਪੰਚ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪ੍ਰਬੰਧਕ ਲਗਾ ਕੇ ਪਿਛਲੇ ਸਮੇਂ ਦੌਰਾਨ 40 ਲੱਖ ਦੇ ਕਰੀਬ ਪੈਸਾ ਪਿੰਡ ਦੇ ਵਿਕਾਸ 'ਤੇ ਖ਼ਰਚ ਕੀਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਿੰਡ ਦੇ ਵਿਕਾਸ ਲਈ ਆਇਆ ਪੈਸਾ ਸਹੀ ਢੰਗ ਨਾਲ ਖ਼ਰਚ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਨੌਬਤ ਆਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।