ਪੈਟਰੋਲ ਪੰਪ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ!

Last Updated: Jul 12 2018 16:24

ਕੁਝ ਅਣਪਛਾਤੇ ਵਿਅਕਤੀਆਂ ਨੇ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਸਥਿਤ ਇੱਕ ਪੈਟਰੋਲ ਪੰਪ ਦੇ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਕਤਲ ਹੋਏ ਮੈਨੇਜਰ ਦੀ ਪਹਿਚਾਣ ਰਾਮ ਗੋਪਾਲ ਦੇ ਤੌਰ ਤੇ ਹੋਈ ਹੈ। ਭਾਵੇਂ ਕਤਲ ਦੇ ਕਾਰਨਾਂ ਦੀ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ, ਲੇਕਿਨ ਪੈਟਰੋਲ ਪੰਪ ਮਾਲਕ ਅਤੇ ਹੋਰ ਕਰਿੰਦੇ ਗੋਪਾਲ ਦੇ ਇਸ ਕਤਲ ਨੂੰ ਨਿੱਜੀ ਦੁਸ਼ਮਣੀ ਦੇ ਤੌਰ ਤੇ ਵੇਖ ਰਹੇ ਹਨ, ਕਿਉਂਕਿ ਹਮਲਾਵਰਾਂ ਨੇ ਉਸ ਸਮੇਂ ਪੰਪ ਤੇ ਮੌਜੂਦ ਕਿਸੇ ਵੀ ਹੋਰ ਕਰਿੰਦੇ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਅਤੇ ਨਾਂ ਹੀ ਨਗਦੀ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। 

ਪੁਲਿਸ ਦੀ ਮੁੱਢਲੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਤੋਂ ਪਹਿਲਾਂ ਰਾਮ ਗੋਪਾਲ ਦੀ ਪੰਪ ਤੇ ਆਏ ਆਲਟੋ ਕਾਰ ਵਿੱਚ ਸਵਾਰ ਕੁਝ ਬੰਦਿਆਂ ਨਾਲ ਤਕਰਾਰਬਾਜ਼ੀ ਵੀ ਹੋਈ ਸੀ, ਲੇਕਿਨ ਉਹ ਚੁੱਪ ਚਾਪ ਉੱਥੋਂ ਚਲੇ ਗਏ ਸਨ, ਲੇਕਿਨ ਉਨ੍ਹਾਂ ਦੇ ਉੱਥੋਂ ਚਲੇ ਜਾਣ ਦੇ ਕੁਝ ਸਮਾਂ ਬਾਅਦ ਹੀ ਗੋਪਾਲ ਦਾ ਕਤਲ ਹੋ ਗਿਆ। 

ਪੁਲਿਸ ਨੇ ਸ਼ੱਕ ਦੇ ਅਧਾਰ ਤੇ ਆਲਟੋ ਕਾਰ ਦੇ ਚਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਹੈ ਲੇਕਿਨ ਫ਼ਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਅਨੁਸਾਰ ਰਾਮ ਗੋਪਾਲ ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਭਰਾ ਤੇ ਸਾਲੇ ਦੇ ਨਾਲ ਇਸ ਪੰਪ 'ਤੇ ਕੰਮ ਕਰ ਰਿਹਾ ਸੀ। ਮੋਗਾ ਪੁਲਿਸ ਨੇ ਉਕਤ ਮਾਮਲੇ ਵਿੱਚ ਫ਼ਿਲਹਾਲ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।