ਜੇਕਰ ਹੋਵੇ ਨਾ ਗਦਾਰ ਤਾਂ ਕਦੇ ਨਾ ਹੋਵੇ ਸੂਰਬੀਰਾਂ ਦੀ ਹਾਰ..!! (ਨਿਊਜ਼ਨੰਬਰ ਖਾਸ ਖਬਰ) (ਭਾਗ-1)

Last Updated: Jul 12 2018 16:22

ਜਿਹੜੀ ਕੌਮ ਦੇ ਵਿੱਚ ਗਦਾਰ ਲੋਕ ਵਿਰੋਧੀ ਧਿਰਾਂ ਦੀ ਹਮਾਇਤ ਕਰਨ 'ਤੇ ਉਤਰ ਆਉਂਦੇ ਹਨ ਤਾਂ ਉਸ ਕੌਮ ਨੂੰ ਹਮੇਸ਼ਾ ਹੀ ਹਾਰ ਦਾ ਮੂੰਹ ਤੱਕਣਾ ਪਿਆ ਹੈ। ਜੇਕਰ ਅਸੀਂ ਬੀਤੇ ਪੌਣੇ 200 ਸਾਲ ਪਹਿਲੋਂ ਦੀ ਗੱਲ ਕਰੀਏ ਤਾਂ ਪੰਜਾਬ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਦੌਰਾਨ 'ਪੰਜ-ਆਬ' ਨੂੰ ਸੋਨੇ ਦੀ ਚਿੜੀ ਬਣਾਇਆ ਸੀ ਅਤੇ ਹਰ ਕਿਸੇ ਨੂੰ ਮਹਾਰਾਜਾ ਦੇ ਸਮੇਂ ਇਨਸਾਫ਼ ਮਿਲਿਆ ਕਰਦਾ ਸੀ, ਪਰ..!! ਦੇਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹੀ ਉਨ੍ਹਾਂ ਦੀਆਂ ਫੌਜ਼ਾਂ ਵਿੱਚ ਕਈ ਗਦਾਰ ਲੋਕ ਵੀ ਸਨ, ਜਿਨ੍ਹਾਂ ਦੇ ਕਾਰਨ ਖਾਲਸਾ ਰਾਜ ਖੇਰੂ-ਖੇਰੂ ਹੋ ਗਿਆ ਸੀ।

ਦੋਸਤੋਂ, ਆਪਾ ਅੱਜ ਇਸ ਲੇਖ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਰਾਂ ਨਾਲ ਸਬੰਧਿਤ ਇਤਿਹਾਸਿਕ ਅਸਥਾਨ 'ਫੇਰੂ ਸ਼ਹਿਰ' ਦੇ ਬਾਰੇ ਅਤੇ ਫੇਰੂ ਸ਼ਹਿਰ ਵਿਖੇ ਲੜੀਆਂ ਗਈਆਂ ਅੰਗਰੇਜ਼ਾਂ ਦੇ ਨਾਲ ਜੰਗਾਂ ਬਾਰੇ ਗੱਲਬਾਤ ਕਰਾਂਗੇ। ਦੋਸਤੋਂ, ਫ਼ਿਰੋਜ਼ਪੁਰ-ਲੁਧਿਆਣਾ ਰੋਡ 'ਤੇ ਸਥਿਤ ਫ਼ਿਰੋਜ਼ਪੁਰ ਅਤੇ ਕਸਬਾ ਤਲਵੰਡੀ ਭਾਈ ਦੇ ਵਿਚਕਾਰ ਇਤਿਹਾਸਕ ਪਿੰਡ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਦੀ ਧਰਤੀ ਆਪਣੀ ਬੁੱਕਲ ਵਿੱਚ ਬਹੁਤ ਡੂੰਘਾ ਦਰਦਮਈ ਇਤਿਹਾਸ ਸੰਭਾਲੀ ਬੈਠੀ ਹੈ। ਇਸ ਧਰਤੀ ਦਾ ਜ਼ਰਾ-ਜ਼ਰਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਪਿਆ ਹੈ।

'ਨਿਊਜ਼ਨੰਬਰ' ਵੱਲੋਂ ਜਦੋਂ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਮਿਊਜ਼ੀਅਮ ਦਾ ਹਾਲ ਜਾਣਨ ਵਾਸਤੇ ਅਤੇ ਅੰਗਰੇਜ਼ਾਂ ਅਤੇ ਸਿੱਖ ਵਿਚਕਾਰ ਹੋਈਆਂ ਜੰਗਾਂ ਸਬੰਧੀ ਮਿਊਜ਼ੀਅਮ ਦੇ ਇੱਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਫੇਰੂ ਸ਼ਹਿਰ ਦੀ ਇਸ ਧਰਤੀ ਨੇ ਅੰਗਰੇਜ਼ਾਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜ਼ਾਂ ਦੇ ਪਹਿਲੇ ਯੁੱਧ ਸਮੇਂ ਆਪਣੇ ਯੋਧੇ ਪੁੱਤਰਾਂ ਵੱਲੋਂ ਮਾਰੀਆਂ ਤਲਵਾਰਾਂ ਨਾਲ ਦੁਸ਼ਮਣਾਂ ਦੇ ਡਿਗਦੇ ਸਿਰ ਵੀ ਦੇਖੇ ਹਨ ਅਤੇ ਸਿੱਖ ਫੌਜ਼ਾਂ ਦੇ ਗਦਾਰ ਸੈਨਾਪਤੀਆਂ ਤੇਜ਼ ਸਿੰਘ ਅਤੇ ਲਾਲ ਸਿੰਘ ਵੱਲੋਂ ਸਿੱਖ ਰਾਜ ਦੀਆਂ ਫੌਜ਼ਾਂ (ਜਿਨ੍ਹਾਂ ਵਿੱਚ ਸਿੱਖ, ਮੁਸਲਿਮ, ਹਿੰਦੂ, ਪਠਾਣ ਅਤੇ ਡੋਗਰੇ ਸਨ) ਦੇ ਯੋਧਿਆਂ ਨਾਲ ਧੋਖਾ ਕਰਕੇ ਕਰਵਾਏ ਘਾਣ ਨੂੰ ਵੀ ਅੱਖੀਂ ਦੇਖਿਆ ਹੈ।

ਦੇਖਿਆ ਜਾਵੇ ਤਾਂ ਸਿੱਖ ਕੌਮ ਵਿੱਚ ਸ਼ੁਰੂ ਤੋਂ ਹੀ ਕਈ ਗਦਾਰ ਲੋਕ ਵੀ ਹੁੰਦੇ ਆਏ ਹਨ, ਜਿਨ੍ਹਾਂ ਦੇ ਕਾਰਨ ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਜੰਗਾਂ ਹਾਰਨੀਆਂ ਪਈਆਂ ਹਨ। ਫੇਰੂ ਸ਼ਹਿਰ ਦੀ ਧਰਤੀ ਨੇ ਆਪਣੇ ਯੋਧੇ ਪੁੱਤਰਾਂ ਦੁਆਰਾ ਮਣਾਂਮੂੰਹੀਂ ਖੂਨ ਡੋਲ੍ਹ ਕੇ ਆਪਣੇ ਰਾਜ, ਸਵੈਮਾਨ ਅਤੇ ਸੱਭਿਆਚਾਰ ਦੀ ਰਾਖੀ ਕਰਦਿਆਂ ਅੰਗਰੇਜ਼ ਫੌਜ਼ਾਂ (ਜਿਨ੍ਹਾਂ ਵਿੱਚ ਅੰਗਰੇਜ਼ ਪੂਰਬੀਏ, ਭਾਰਤੀ ਰਿਆਸਤਾਂ ਦੇ ਫੌਜ਼ਾਂ ਸਨ) ਨਾਲ ਲੋਹਾ ਲੈ ਕੇ ਸ਼ਹੀਦੀ ਪ੍ਰਾਪਤ ਕਰਦਾ ਦੇਖਿਆ ਹੈ। ਦੋਸਤੋਂ, ਤੁਹਾਨੂੰ ਦੱਸ ਦੇਈਏ ਕਿ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਨੂੰ ਸਤਲੁਜ ਕੰਮਪੇਨ ਦਾ ਨਾਮ ਦਿੱਤਾ ਗਿਆ ਸੀ। 

ਅਧਿਕਾਰੀ ਨੇ ਦੱਸਿਆ ਕਿ ਇਸ ਤਹਿਤ ਪਹਿਲੀ ਲੜਾਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁੱਦਕੀ ਦੇ ਸਥਾਨ 'ਤੇ ਸੰਨ 18 ਦਸੰਬਰ 1845 ਨੂੰ ਹੋਈ ਸੀ, ਜਿਸ ਵਿੱਚ ਅੰਗਰੇਜ਼ਾਂ ਨੂੰ ਸਿੱਖਾਂ ਦੀ ਯੁੱਧ ਨੀਤੀ ਅਤੇ ਲੜਨ ਸ਼ਕਤੀ ਦਾ ਪਤਾ ਲੱਗਾ ਤਾਂ ਅੰਗਰੇਜ਼ ਅਫ਼ਸਰ ਭੈਅ-ਭੀਤ ਹੋ ਗਏ ਕਿ ਜੇਕਰ ਸਿੱਖ ਯੋਧੇ ਇਸੇ ਤਰ੍ਹਾਂ ਹੀ ਅੱਗੇ ਜਾ ਕੇ ਲੜਦੇ ਰਹੇ ਤਾਂ ਇੱਕ ਵੀ ਅੰਗਰੇਜ਼ ਨਹੀਂ ਬਚ ਸਕੇਗਾ। ਦੱਸਿਆ ਜਾਂਦਾ ਹੈ ਕਿ ਮੁੱਦਕੀ ਵਿੱਚ ਸਿੱਖਾਂ ਦੀਆਂ 17 ਤੋਪਾਂ ਵੀ ਅੰਗਰੇਜ਼ਾਂ ਦੇ ਵੱਲੋਂ ਧੋਖੇ ਨਾਲ ਖੋਹੀਆਂ ਗਈਆਂ ਸਨ। ਸਿੱਖ ਫੌਜਾਂ ਦਾ ਇੱਕ ਬਹੁਤ ਵੱਡਾ ਕੈਂਪ ਫ਼ਿਰੋਜ਼ਸ਼ਾਹ ਵਿਖੇ ਪਿੰਡ ਇੱਟਾਂ ਵਾਲੀ ਵੱਲ ਜਿੱਥੇ ਅੱਜਕੱਲ੍ਹ ਸੈਕੰਡਰੀ ਸਕੂਲ ਹੈ, ਉੱਥੇ ਸੀ ਅਤੇ ਸਾਰਾ ਗੋਲਾ ਬਾਰੂਦ ਅਤੇ ਵੱਡੀਆਂ ਤੋਪਾਂ ਇੱਥੇ ਹੀ ਫਿੱਟ ਸਨ। 

ਮਿਊਜ਼ੀਅਮ ਅਧਿਕਾਰੀ ਮੁਤਾਬਿਕ ਇੱਟਾਂ ਵਾਲੀ ਵਿਖੇ ਹੀ ਪਾਣੀ ਦੀ ਇੱਕ ਬਹੁਤ ਵੱਡੀ ਢਾਬ ਸੀ, ਜਿਸ ਉੱਪਰ ਲਾਲ ਸਿੰਘ ਦੇ ਅਧੀਨ 20000 ਸਿੱਖ ਫੌਜ ਕਬਜ਼ਾ ਜਮਾਈ ਬੈਠੀ ਸੀ। ਤੇਜ ਸਿੰਘ (ਤੇਜਾ ਸਿੰਘ) ਸੈਨਾਪਤੀ ਦੇ ਅਧੀਨ 30 ਹਜ਼ਾਰ ਫੌਜ ਦਾ ਮੇਨ ਕੈਂਪ ਅਸਲਾ-ਬਾਰੂਦ ਅਤੇ ਤੋਪਾਂ ਫ਼ਿਰੋਜ਼ਪੁਰ ਦੇ ਨਜ਼ਦੀਕ ਪਿੰਡ ਬੱਗੇ ਕੇ ਪਿੱਪਲ ਵਿਖੇ ਸੀ, ਜੋ ਲਿਟਲਰ ਦੀ 7000 ਫੌਜ਼ ਦੀ ਨਿਗਾਹ ਰੱਖ ਰਿਹਾ ਸੀ। 18 ਦਸੰਬਰ 1845 ਨੂੰ ਮੁੱਦਕੀ ਦੀ ਲੜਾਈ ਤੋਂ ਬਾਅਦ ਸਿੱਖ ਫੋਜ਼ਾਂ ਆਪਣੇ ਮੇਨ ਕੈਂਪ ਫ਼ਿਰੋਜ਼ਸ਼ਾਹ ਵਿਖੇ ਆ ਗਈਆਂ।

ਸੈਨਾਪਤੀ ਤੇਜ਼ ਸਿੰਘ ਦੀ ਫੌਜ਼ ਦਾ ਮੇਨ ਕੈਂਪ ਤਾਂ ਭਾਵੇਂ ਪਿੰਡ ਬੱਗੇ ਕੇ ਪਿੱਪਲ ਹੀ ਸੀ, ਪਰ..!! ਉਸ ਦੀ ਐਡਵਾਂਸ ਫੌਜ਼ ਫ਼ਿਰੋਜ਼ਸ਼ਾਹ ਵਿਖੇ ਪਹੁੰਚ ਗਈ ਸੀ। ਮੁੱਦਕੀ ਦੀ ਲੜਾਈ ਤੋਂ ਬਾਅਦ ਅੰਗਰੇਜ਼ ਅਫ਼ਸਰਾਂ ਦੇ ਹੌਸਲੇ ਪਸਤ ਹੋਏ ਪਏ ਸਨ। ਮਿਊਜ਼ੀਅਮ ਅਧਿਕਾਰੀ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਹ ਗੱਲ ਵੀ ਸਾਹਮਣੇ ਆਈ ਕਿ ਉਸ ਸਮੇਂ ਸਿੱਖ ਕੌਮ ਬਹਾਦਰ ਕੌਮ ਸੀ, ਜਿਸ ਤੋਂ ਕਮਾਂਡਰ ਇਨ ਚੀਫ਼ ਲਾਰਡ ਹੈਨਰੀ ਹਾਰਡਿੰਗ ਸਿੱਖਾਂ ਵੱਲੋਂ ਬਹਾਦਰੀ ਨਾਲ ਕੀਤੇ ਹਮਲੇ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਉਨ੍ਹਾਂ ਚਿਰ ਹੋਰ ਮੁਸੀਬਤ ਨਹੀਂ ਸਹੇੜਨੀ ਚਾਹੁੰਦਾ ਸੀ, ਜਿੰਨ੍ਹਾਂ ਚਿਰ ਵੱਡੀ ਗਿਣਤੀ ਵਿੱਚ ਫੌਜ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਨੇੜੇ ਇਕੱਠੀ ਨਹੀਂ ਹੋ ਜਾਂਦੀ। (ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।