ਬੇਸ਼ਰਮ ਹੋ ਚੁੱਕੇ ਹਨ ਗਾਇਕ ਤੇ ਸਰੋਤੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 16:07

ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਪੰਜਾਬ ਦੀ ਇਸ ਧਰਤੀ ਨੂੰ ਨਸ਼ਿਆਂ ਅਤੇ ਲੱਚਰ ਗਾਇਕਾਂ ਨੇ ਪੂਰੀ ਤਰ੍ਹਾਂ ਨਾਲ ਗੰਦ ਦਾ ਘਰ ਬਣਾ ਦਿੱਤਾ ਹੈ। ਪੰਜਾਬੀ ਸੱਭਿਆਚਾਰ ਦੇ ਨਾਮ ਤੇ ਕੁਝ ਲੱਚਰ ਗਾਇਕਾਂ ਨੇ ਬੇਸ਼ਰਮੀਆਂ ਦੀਆਂ ਸਾਰੀਆਂ ਹੱਦ ਬੰਦੀਆਂ ਪਾਰ ਕਰਕੇ ਅੱਜ ਸਾਡੀਆਂ ਧੀਆਂ-ਭੈਣਾਂ ਨੂੰ ਆਪਣਿਆਂ ਗਾਣਿਆਂ ਵਿੱਚ ਭੋਗ ਵਿਲਾਸ ਦੀ ਇੱਕ ਵਸਤੂ ਦੇ ਤੌਰ ਤੇ ਪੇਸ਼ ਕਰਕੇ ਆਪਣੇ ਗਲਾਂ ਵਿੱਚ ਪਾਏ ਹੋਏ ਸੋਨੇ ਦੀ ਚੇਨੀਆਂ, ਜੰਜੀਰਾਂ ਤੇ ਲੌਕਟਾਂ ਦਾ ਭਾਰ ਵਧਾ ਰਹੇ ਹਨ। ਕੇਵਲ ਗਾਇਕ ਹੀ ਨਹੀਂ ਬਲਕਿ ਉਨ੍ਹਾਂ ਦੇ ਸਰੋਤੇ ਵੀ ਸ਼ਰਮ ਘੋਲ ਕੇ ਪੀ ਚੁੱਕੇ ਹਨ। 

ਅਜਿਹੇ ਗਾਇਕ ਆਪਣੇ ਗਾਣਿਆਂ ਦੇ ਬੋਲਾਂ ਅਤੇ ਵੀਡੀਓਜ਼ ਵਿੱਚ ਗੰਦੀਆਂ ਮੰਦੀਆਂ ਹਰਕਤਾਂ ਦੇ ਜ਼ਰੀਏ ਸ਼ਰੇਆਮ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜਤਾਂ ਉਛਾਲਦੇ ਹੋਏ ਵੇਖੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ, ਸਾਡੇ ਆਪਣੇ ਲੋਕ ਵੀ ਘੱਟ ਬੇਸ਼ਰਮ ਨਹੀਂ ਹਨ, ਉਹ ਵੀ ਅਜਿਹੇ ਗਾਇਕਾਂ ਦੀ ਛਿਤਰੌਲ ਕਰਨ ਦੀ ਥਾਂ ਤੇ, ਉਨ੍ਹਾਂ ਦੇ ਗਾਏ ਹੋਏ ਗਾਣਿਆਂ ਤੇ ਵਿਆਹਾਂ ਸ਼ਾਦੀਆਂ ਤੇ ਪਾਰਟੀਆਂ ਵਿੱਚ ਭੰਗੜੇ ਪਾਉਂਦੇ ਹਨ, ਸੀਟੀਆਂ ਮਾਰਦੇ ਹਨ।

ਹੋਰ ਤਾਂ ਹੋਰ ਜਦੋਂ ਕਦੇ ਅਜਿਹੇ ਘਟੀਆ ਕਿਸਮ ਦੇ ਲੱਚਰ ਗਾਇਕ ਸਟੇਜ ਸ਼ੋਆਂ ਤੇ ਕਿਤੇ ਜਾਂਦੇ ਹਨ ਤਾਂ, ਕੇਵਲ ਸਾਡੀ ਨੌਜਵਾਨ ਪੀਹੜੀ ਹੀ ਨਹੀਂ, ਬਲਕਿ ਕਈ ਵਾਰੀ ਬੁੱਢੇ ਠੇਰੇ ਵੀ ਉਨ੍ਹਾਂ ਦੇ ਗਾਣਿਆਂ ਤੇ ਠੁਮਕੇ ਮਾਰਦੇ ਹਨ, ਉਨ੍ਹਾਂ ਤੋਂ ਨੋਟ ਵਾਰ-ਵਾਰ ਕੇ ਸੁੱਟਦੇ ਵੇਖੇ ਜਾ ਸਕਦੇ ਹਨ। ਹੋਰ ਤਾਂ ਹੋਰ, ਉਨ੍ਹਾਂ ਦੀ ਇੱਕ ਝਲਕ ਤੱਕ ਪਾਉਣ ਦੇ ਲਈ ਉਨ੍ਹਾਂ ਦੇ ਮਗਰ-ਮਗਰ ਪੂਛਾਂ ਹਿਲਾਉਂਦੇ ਤੁਰੇ ਫ਼ਿਰਦੇ ਹਨ। 

ਅਜਿਹੇ ਲੱਚਰ ਤੇ ਗੰਦੇ ਗਾਇਕਾਂ ਦੇ ਸਾਡੇ ਗੰਦੇ ਸਰੋਤੇ, ਸਟੇਜਾਂ ਤੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸੁਆਗਤ ਕਰਦੇ ਹਨ ਅਤੇ ਉਨ੍ਹਾਂ ਨਾਲ ਫ਼ੋਟੋਆਂ ਖਿਚਵਾਉਣ ਲਈ ਧੱਕਾ ਮੁੱਕੀ ਕਰਦੇ ਹਨ, ਇੱਕ ਦੂਜੇ ਦੇ ਕੱਪੜੇ ਪਾੜਕੇ ਅਜਿਹੇ ਗੰਦੇ ਗਾਇਕਾਂ ਨੂੰ ਇਹ ਸੁਨੇਹਾ ਦਿੰਦੇ ਹਨ ਕਿ, ਅਸੀਂ ਮਰੇ ਜ਼ਮੀਰਾਂ ਵਾਲੇ ਹਾਂ, ਤੁਸੀਂ ਸਾਡੀਆਂ ਧੀਆਂ-ਭੈਣਾਂ ਬਾਰੇ ਜੋ ਮਰਜੀ ਗੰਦ ਮੰਦ ਬੋਲੀ ਜਾਓ, ਉਨ੍ਹਾਂ ਨੂੰ ਆਪਣਿਆਂ ਗਾਣਿਆਂ ਵਿੱਚ ਨੰਗਾ ਕਰੋ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ, ਸਾਨੂੰ ਤਾਂ ਸਿਰਫ਼ ਸੁਆਦ ਆਉਣਾ ਚਾਹੀਦਾ ਹੈ। 

ਅਜਿਹਾ ਗੀਤਕਾਰਾਂ ਨੇ ਆਪਣੇ ਗਾਣਿਆਂ ਰਾਹੀਂ ਸ਼ਹੀਦਾਂ ਤੇ ਗੁਰੂਆਂ ਪੀਰਾਂ ਦੀ ਜਨਨੀ, ਔਰਤ ਜਾਤ ਨੂੰ ਮਹਿਜ਼ ਇੱਕ ਭੋਗ ਵਿਲਾਸ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ। ਲੱਚਰ ਗੀਤਕਾਰ ਤਾਂ ਜਿਹੜੇ ਗੁੱਲ ਖ਼ਿਲਾ ਰਹੇ ਹਨ ਉਹ ਤਾਂ ਵੱਖ਼ਰੀ ਗੱਲ ਹੈ, ਲੇਕਿਨ ਬੱਸਾਂ ਵਾਲੇ ਵੀ ਇਸ ਵਿੱਚ ਘੱਟ ਯੋਗਦਾਨ ਨਹੀਂ ਪਾ ਰਹੇ ਹਨ, ਅਜਿਹੇ ਗੰਦੇ ਗੀਤਕਾਰਾਂ ਦੇ ਗਾਣਿਆਂ ਨੂੰ ਆਪਣੀਆਂ ਬੱਸਾਂ ਵਿੱਚ ਵਜਾ ਕੇ, ਉਹ ਅਜਿਹੇ ਗੰਦੇ ਗੀਤਕਾਰਾਂ ਅਤੇ ਗਾਇਕਾਂ ਨੂੰ ਪ੍ਰਮੋਟ ਕਰਦੇ ਹਨ, ਕਿਉਂਕਿ ਅਸੀਂ ਮਰੇ ਜ਼ਮੀਰਾਂ ਵਾਲਾ ਹਾਂ, ਸ਼ਹੀਦਾਂ ਤੇ ਗੁਰੂਆਂ ਪੀਰਾਂ ਦੇ ਨਹੀਂ ਇਹੋ ਜਿਹੇ ਗੰਦੇ ਗੀਤਕਾਰਾਂ ਦੇ ਫ਼ੈਨ ਹਾਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।