ਕਿਤੇ ਸਾਜ਼ਿਸ਼ ਤਾਂ ਨਹੀਂ ਪੰਜਾਬੀ ਪੁੱਤਰਾਂ ਦੀਆਂ ਮੌਤਾਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 16:21

ਪੰਜਾਬ ਵਿੱਚ ਨਸ਼ਿਆਂ ਦੀ ਓਵਰ ਡੋਜ਼ ਕਾਰਨ ਨਿੱਤ ਦਿਨ ਪੰਜਾਬੀ ਪੁੱਤਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਅਗਰ ਲੰਘੇ ਤਿੰਨ ਮਹੀਨਿਆਂ ਦੀਆਂ ਅਖ਼ਬਾਰਾਂ ਫਰੋਲੀਏ ਤਾਂ ਸ਼ਾਇਦ ਕੋਈ ਵਿਰਲਾ ਹੀ ਦਿਨ ਲੰਘਿਆ ਹੋਵੇਗਾ, ਜਿਸ ਦਿਨ ਪੰਜਾਬ ਵਿੱਚ ਕੋਈ ਨਾਂ ਕੋਈ ਨੌਜਵਾਨ ਨਸ਼ਿਆਂ ਦੀ ਓਵਰ ਡੋਜ਼ ਦਾ ਸ਼ਿਕਾਰ ਨਾ ਹੋਇਆ ਹੋਵੇਗਾ। 

ਸਰਕਾਰੀ ਅੰਕੜਿਆਂ ਦੀ ਤਾਂ ਗੱਲ ਛੱਡੋ ਅਗਰ ਗੈਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਮਹਿਜ਼ ਤਿੰਨ ਮਹੀਨਿਆਂ ਦੇ ਦੌਰਾਨ ਲਗਭਗ ਡੇਢ ਸੌ ਨੌਜਵਾਨਾਂ ਦੇ ਘਰਾਂ ਵਿੱਚ ਸੱਥਰ ਵਿੱਛ ਚੁੱਕੇ ਹਨ। ਅਗਰ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਤਾਂ ਪਿਛਲੇ ਕਈ ਦਹਾਕਿਆਂ ਤੋਂ ਵਗ ਰਿਹਾ ਹੈ। ਪੰਜਾਬੀ ਲੋਕ ਸਦੀਆਂ ਤੋਂ ਅਫ਼ੀਮ-ਭੁੱਕੀ, ਸ਼ਰਾਬ ਅਤੇ ਡੋਡਿਆਂ ਦਾ ਸੇਵਨ ਕਰਦੇ ਆਏ ਹਨ। ਗੱਲ ਕਰੀਏ ਸਿੰਥੈਟਿਕ ਨਸ਼ੇ ਦੀ ਤਾਂ, ਇਹ ਨਸ਼ਾ ਵੀ ਪੰਜਾਬੀ ਦੀਆਂ ਰਗਾਂ ਵਿੱਚ ਪਿਛਲੇ ਲਗਭਗ ਇੱਕ ਦਹਾਕੇ ਤੋਂ ਦੌੜ ਰਿਹਾ ਹੈ, ਪਰ ਨਸ਼ਿਆਂ ਕਾਰਨ ਇੰਨੀਆਂ ਮੌਤਾਂ ਤਾਂ ਸ਼ਾਇਦ ਕਦੇ ਵੀ ਨਹੀਂ ਹੋਈਆਂ ਜਿੰਨੀਆਂ ਕੁ ਪਿਛਲੇ ਮਹਿਜ਼ ਤਿੰਨਾਂ ਕੁ ਮਹੀਨਿਆਂ ਦੇ ਦੌਰਾਨ ਹੋ ਚੁੱਕੀਆਂ ਹਨ। 

ਇਨ੍ਹਾਂ ਮੌਤਾਂ ਦਾ ਅਸਲ ਕਾਰਨ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ, ਲੇਕਿਨ ਅਚਾਨਕ ਹੀ ਅਜਿਹਾ ਕਿਹੜਾ ਭਾਣਾ ਵਰਤ ਗਿਆ ਕਿ, ਨੌਜਵਾਨ ਨਸ਼ਿਆਂ ਦੀ ਓਵਰ ਡੋਜ਼ ਲੈ ਕੇ ਮਰਨ ਲੱਗ ਪਏ, ਇਹ ਗੱਲ ਵੀ ਘੱਟ ਵਿਚਾਰਯੋਗ ਨਹੀਂ ਹੈ। ਭਾਵੇਂ ਕਿ ਅੱਜ ਸਮੇਂ ਦੀਆਂ ਸਰਕਾਰਾਂ ਨਸ਼ਿਆਂ ਕਾਰਨ ਹੋਈਆਂ ਇਹਨਾਂ ਮੌਤਾਂ ਨੂੰ ਲੈ ਕੇ ਚਿੰਤਤ ਵੀ ਨਜ਼ਰ ਆ ਰਹੀ ਹੈ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਕਨੂੰਨ ਵੀ ਘੜਨ ਦੀਆਂ ਗੱਲਾਂ ਕਰ ਰਹੀ ਹੈ, ਪਰ ਇਸ ਦੇ ਨਾਲ ਉਨ੍ਹਾਂ ਮਾਵਾਂ ਦੇ ਕੀਰਨਿਆਂ ਦੀਆਂ ਅਵਾਜ਼ਾਂ ਨੂੰ ਤਾਂ ਨਹੀਂ ਮੱਧਮ ਕੀਤਾ ਜਾ ਸਕਦਾ ਜਿਨ੍ਹਾਂ ਦੇ ਪੁੱਤ ਨਸ਼ਿਆਂ ਨੇ ਖਾ ਲਏ। 

ਪੰਜਾਬ ਦੇ ਬਾਘਾ ਪੁਰਾਣਾ ਵਿੱਚ ਲੰਘੇ ਦਿਨ ਹੀ ਨਸ਼ੇ ਦੀ ਓਵਡੋਜ਼ ਕਾਰਨ ਹੋਈ ਇੱਕ ਮੌਤ ਨੇ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਮੌਤਾਂ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਕੇ ਰੱਖ ਦਿੱਤੇ ਹਨ। ਮਾਰੇ ਗਏ ਨੌਜਵਾਨ ਦੀ ਪਹਿਚਾਣ ਪਿੰਡ ਜੱਸੋਵਾਲ ਨਿਵਾਸੀ ਸੁਖ਼ਮੰਦਰ ਸਿੰਘ ਦੇ ਤੌਰ 'ਤੇ ਹੋਈ ਹੈ। ਸੁਖ਼ਮੰਦਰ ਸਿੰਘ ਦੀ ਲਾਸ਼ ਕੋਟਕਪੂਰਾ ਰੋਡ ਤੇ ਸਥਿਤ ਚਿੱਟੇ ਦਿਨ ਇੱਕ ਆਈਲੈਟਸ ਸੈਂਟਰ ਦੇ ਬਾਥਰੂਮ 'ਚੋਂ ਬਰਾਮਦ ਹੋਈ ਸੀ। ਪੁਲਿਸ ਨੇ ਸੁਖ਼ਮੰਦਰ ਸਿੰਘ ਦੀ ਮੌਤ ਨੂੰ ਨਸ਼ੇ ਦੀ ਓਵਡੋਜ਼ ਮੰਨਿਆ ਸੀ।

ਸੁਖ਼ਮੰਦਰ ਸਿੰਘ ਦੇ ਭਰਾ ਗੁਰਮੇਲ ਸਿੰਘ ਅਨੁਸਾਰ ਜਿਸ ਆਈਲੈਟਸ ਸੈਂਟਰ ਦੇ ਬਾਥਰੂਮ ਵਿੱਚੋਂ ਉਸ ਦੇ ਭਰਾ ਦੀ ਲਾਸ਼ ਬਰਾਮਦ ਹੋਈ ਹੈ, ਉਹ ਉਸੇ ਸੈਂਟਰ ਦੇ ਥੱਲੇ ਚਾਹ ਦੀ ਰੇਹੜੀ ਲਗਾਉਂਦਾ ਸੀ। ਗੁਰਮੇਲ ਸਿੰਘ ਦਾ ਦਾਅਵਾ ਹੈ ਕਿ, ਉਸ ਦਾ ਭਰਾ ਕਿਸੇ ਵੀ ਕਿਸਮ ਦਾ ਕੋਈ ਨਸ਼ਾ, ਗੋਲੀਆਂ ਜਾਂ ਕੈਪਸੂਲ ਦਾ ਸੇਵਨ ਨਹੀਂ ਸੀ ਕਰਦਾ। ਇਹ ਗੱਲ ਵੱਖਰੀ ਹੈ ਕਿ ਉਹ ਕਦੇ ਕਦਾਈਂ ਸ਼ਰਾਬ ਜ਼ਰੂਰ ਪੀ ਲਿਆ ਕਰਦਾ ਸੀ ਅਤੇ ਉਹ ਵੀ ਰਾਤ ਨੂੰ ਆਪਣੇ ਘਰੇ ਬੈਠ ਕੇ। ਮਿਹਨਤ ਮਜ਼ਦੂਰੀ ਦਾ ਕੰਮ ਕਰਨ ਕਾਰਨ ਸੁਖ਼ਮੰਦਰ ਕਿਸੇ ਮਾੜੀ ਸੰਗਤ ਵਿੱਚ ਵੀ ਨਹੀਂ ਸੀ। 
 
ਗੁਰਮਲੇ ਸਿੰਘ ਦਾ ਦਾਅਵਾ ਹੈ ਕਿ, ਉਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ, ਜਿਹੜੇ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ, ਉਸ ਦੇ ਭਰਾ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਜਬਰਨ ਇੰਜੈੱਕਸ਼ਨ ਰਾਹੀਂ ਨਸ਼ੇ ਦੀ ਓਵਰ ਡੋਜ਼ ਦਿੱਤੀ ਸੀ, ਜਿਹੜੀ ਕਿ ਉਸ ਦੇ ਮੌਤ ਦਾ ਕਾਰਨ ਵੀ ਬਣ ਗਈ। ਦੂਜੇ ਪਾਸੇ ਅਗਰ ਗੱਲ ਕਰੀਏ ਬਾਘਾ ਪੁਰਾਣਾ ਪੁਲਿਸ ਦੀ ਤਾਂ ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ, ਪੁਲਿਸ ਨੇ ਗੁਰਮਲੇ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਉਸ ਵੱਲੋਂ ਦਿੱਤੇ ਗਏ ਸਬੂਤਾਂ ਅਤੇ ਸੁਰਾਗਾਂ ਦੇ ਅਧਾਰ ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਹੜੀ ਕਿ ਅਜੇ ਤੱਕ ਜਾਰੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ, ਅਗਰ ਗੁਰਮੇਲ ਸਿੰਘ ਵੱਲੋਂ ਦਿੱਤੇ ਸਬੂਤਾਂ ਵਿੱਚ ਕੋਈ ਦਮ ਹੋਇਆ ਤਾਂ ਮੁਲਜ਼ਮਾਂ ਦੇ ਖ਼ਿਲਾਫ਼ ਹਰ ਹਾਲਤ ਵਿੱਚ ਕਾਰਵਾਈ ਕੀਤੀ ਜਾਵੇਗੀ। 

ਪੁਲਿਸ ਦੀ ਜਾਂਚ ਕਿਸ ਪਾਸੇ ਤੁਰਦੀ ਹੈ? ਕਿਸੇ ਮੁਕਾਮ ਤੇ ਪਹੁੰਚਦੀ ਹੈ ਜਾਂ ਫਿਰ ਠੰਢੇ ਬਸਤੇ ਵਿੱਚ ਪੈ ਜਾਂਦੀ ਹੈ, ਉਹ ਤਾਂ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਸੁਖ਼ਮੰਦਰ ਸਿੰਘ ਦੀ ਮੌਤ ਕਈ ਤਰਾਂ ਦੇ ਸਵਾਲਾਂ ਨੂੰ ਜਨਮ ਜ਼ਰੂਰ ਦੇ ਗਈ ਹੈ। ਅੱਜ ਸੱਥਾਂ ਵਿੱਚ ਗੱਲਾਂ ਹੋ ਰਹੀਆਂ ਹਨ ਕਿ, ਕਿਤੇ ਪੰਜਾਬ ਵਿੱਚ ਹੋਈਆਂ ਅਤੇ ਹੋ ਰਹੀਆਂ ਮੌਤਾਂ ਪਿੱਛੇ ਕੋਈ ਡੂੰਘੀ ਸਾਜ਼ਿਸ਼ ਤਾਂ ਨਹੀਂ ਛਿਪੀ ਹੋਈ? ਕਿਤੇ ਪੰਜਾਬੀ ਪੁੱਤਰਾਂ ਨੂੰ ਨਸ਼ੇ ਦੀ ਓਵਡੋਜ਼ ਦੀ ਆੜ ਵਿੱਚ ਮੌਤ ਦੇ ਘਾਟ ਤਾਂ ਨਹੀਂ ਉਤਾਰਿਆ ਜਾ ਰਿਹਾ? ਕਿਤੇ ਇਹਨਾਂ ਮੌਤਾਂ ਪਿੱਛੇ ਕੋਈ ਗੰਦੀ ਰਾਜਨੀਤੀ ਤਾਂ ਨਹੀਂ ਛਿਪੀ ਹੋਈ? ਕਿਤੇ, ਇਹ ਮੌਤਾਂ ਦੀ ਇਹ ਗੰਦੀ ਖੇਡ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਤਾਂ ਨਹੀਂ ਖ਼ੇਡੀ ਜਾ ਰਹੀ? ਅਜਿਹੇ ਹੋਰ ਵੀ ਦਰਜਨਾਂ ਹੀ ਸਵਾਲ ਹਨ ਜਿਹੜੇ ਅੱਜ ਸੂਬੇ ਦੀ ਆਮ ਅਵਾਮ ਦੇ ਜ਼ਿਹਨ ਵਿੱਚ ਘੁੰਮ ਰਹੇ ਹਨ, ਜਿਨ੍ਹਾਂ ਦਾ ਸਵਾਲ ਸਿਰਫ਼ ਅਤੇ ਸਿਰਫ਼ ਆਉਣ ਵਾਲਾ ਵਕਤ ਹੀ ਦੇ ਸਕਦਾ ਹੈ ਅਤੇ ਜਾਂ ਫਿਰ ਦੇ ਸਕਦੀਆਂ ਹਨ ਜਾਂਚ ਏਜੰਸੀਆਂ।

ਪ੍ਰਮਾਤਮਾ ਕਰੇ ਸੱਥਾਂ ਵਿੱਚ ਹੋ ਰਹੀਆਂ ਇਹ ਚਰਚਾਵਾਂ ਅਤੇ ਅਵਾਮ ਦੇ ਜ਼ਿਹਨ ਵਿੱਚ ਘੁੰਮ ਰਹੇ ਇਹ ਸਾਰੇ ਸਵਾਲ ਅਤੇ ਸ਼ੱਕ ਸੂਬੇ ਗ਼ਲਤ ਹੀ ਸਾਬਤ ਹੋਣ, ਕਿਉਂਕਿ ਅਗਰ ਇਹ ਸਹੀ ਸਾਬਤ ਹੁੰਦੇ ਹਨ ਤਾਂ ਪੰਜਾਬ ਮੁੜ ਇੱਕ ਇਹੋ ਜਿਹੇ ਦੌਰ ਵਿੱਚ ਵਾਪਸ ਚੱਲਿਆ ਜਾਵੇਗਾ, ਜਿਸ ਦਾ ਕਿ ਦਰਦ ਪੰਜਾਬ ਦੀ ਅਵਾਮ ਪਹਿਲਾਂ ਹੀ ਆਪਣੇ ਪਿੰਡਿਆਂ ਤੇ ਹੰਢਾ ਚੁੱਕੀ ਹੈ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।