ਸਿਹਤ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਕੀਤਾ ਚੈੱਕ..!!!

Last Updated: Jul 12 2018 15:36

ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਿਨਾਕਸ਼ੀ ਢੀਂਗਰਾ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਪਿਛਲੇ ਸਾਲ ਡੇਂਗੂ ਪ੍ਰਭਾਵਿਤ ਰਹੇ ਵਾਰਡਾਂ ਵਿੱਚ ਡੇਂਗੂ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਅੱਜ ਆਜ਼ਾਦ ਨਗਰ ਬੱਸ ਸਟੈਂਡ ਫ਼ਿਰੋਜ਼ਪੁਰ, ਆਜ਼ਾਦ ਨਗਰ ਨਿਊ, ਆਜ਼ਾਦ ਨਗਰ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਡੇਂਗੂ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਵਿਭਾਗ ਦੇ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਆਜ਼ਾਦ ਨਗਰ, ਨਿਊ ਆਜ਼ਾਦ ਨਗਰ ਵਿੱਚ 2016-17 ਵਿੱਚ ਬਹੁਤ ਜ਼ਿਆਦਾ ਡੇਂਗੂ ਦੇ ਕੇਸ ਸਾਹਮਣੇ ਆਏ ਸਨ।

ਜਿਸ ਕਰਕੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਇਸ ਸਾਲ ਅਡਵਾਂਸ ਵਿੱਚ ਹੀ ਲੋਕਾਂ ਨੂੰ ਡੇਂਗੂ ਬਾਰੇ ਅਵੇਰ ਕਰਨ ਲਈ ਘਰ-ਘਰ ਜਾ ਕੇ ਲਾਰਵਾ ਚੈੱਕ ਕੀਤਾ ਗਿਆ। ਜਿਸ ਦੌਰਾਨ ਤਕਰੀਬਨ 10 ਘਰਾਂ ਵਿੱਚੋਂ ਬਹੁਤ ਭਾਰੀ ਮਾਤਰਾ 'ਚ ਲਾਰਵਾ ਮਿਲਿਆ। ਉਨ੍ਹਾਂ ਨੇ ਉਹ ਲਾਰਵਾ ਸੁਟਵਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਡੇਂਗੂ ਦੇ ਕੇਸ ਇਸ ਇਲਾਕੇ ਵਿੱਚ ਆਉਂਦੇ ਹਨ ਤਾਂ ਤੁਸੀਂ ਲੋਕ ਇਸ ਦੇ ਜ਼ਿੰਮੇਵਾਰ ਆਪ ਹੀ ਹੋਵੋਗੇ। 

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਕੁਲਰ, ਫਰਿੱਜ਼ ਦੀਆਂ ਟਰੇਆਂ ਨੂੰ ਰੋਜ਼ ਸਾਫ਼ ਕੀਤਾ ਜਾਵੇ ਅਤੇ ਆਪਣੇ ਘਰਾਂ ਦੀਆਂ ਛੱਤਾਂ ਤੇ ਪਏ ਵਾਧੂ ਟਾਇਰ ਜਾਂ ਹੋਰ ਸਮਾਨ ਨੂੰ ਸੁੱਟਿਆ ਜਾਵੇ ਤਾਂ ਜੋ ਉਨ੍ਹਾਂ ਬਰਤਨਾਂ ਵਿੱਚ ਮੀਂਹ ਦੇ ਪਾਣੀ ਨਾਲ ਡੇਂਗੂ ਪੈਦਾ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਦਾ ਸ਼ੱਕ ਪੈਂਦਾ ਹੈ ਤਾਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡੇਂਗੂ ਦਾ ਇਲਾਜ ਬਿਲਕੁੱਲ ਮੁਫ਼ਤ ਹੈ ਅਤੇ ਟੈੱਸਟ ਵੀ ਬਿਲਕੁੱਲ ਮੁਫ਼ਤ ਹਨ। ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਇਹ ਵੀ ਕੀਤੀ ਕਿ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਡੇਂਗੂ ਵਰਗੀ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਰੋਹਿਤ, ਪ੍ਰੇਮਜੀਤ, ਹਰਵਿੰਦਰ, ਸਤਪਾਲ ਚਾਵਲਾ ਆਦਿ ਹਾਜ਼ਰ ਸਨ।